ਅੱਜ ਦੇ ਹੀ ਦਿਨ ਭਾਰਤ ਨੇ ਆਸਟਰੇਲੀਆ 'ਚ ਰਚਿਆ ਸੀ ਇਤਿਹਾਸ, ICC ਨੇ ਵੀ ਕੀਤਾ ਯਾਦ

01/07/2020 1:45:50 PM

ਨਵੀਂ ਦਿੱਲੀ : ਅੱਜ ( 7 ਜਨਵਰੀ, 2019) ਭਾਵ ਮੰਗਲਵਾਰ ਉਹ ਤਾਰੀਖ ਹੈ, ਜਿਸ ਨੂੰ ਭਾਰਤੀ ਕ੍ਰਿਕਟ ਟੀਮ ਅਤੇ ਭਾਰਤੀ ਕ੍ਰਿਕਟ ਨੂੰ ਪਸੰਦ ਕਰਨ ਵਾਲਾ ਕੋਈ ਵੀ ਫੈਨ ਨਹੀਂ ਭੁੱਲ ਸਕਦਾ। ਮਤਲਬ ਅੱਜ ਦੇ ਦਿਨ ਭਾਰਤੀ ਟੀਮ ਨੇ ਆਸਟਰੇਲੀਆ ਨੂੰ ਉਨ੍ਹਾਂ ਦੀ ਧਰਤੀ 'ਤੇ ਟੈਸਟ ਸੀਰੀਜ਼ ਵਿਚ ਪਹਿਲੀ ਵਾਰ ਹਰਾ ਕੇ ਇਤਿਹਾਸ ਰਚਿਆ ਸੀ। ਵਿਰਾਟ ਸੈਨਾ ਨੇ 4 ਟੈਸਟ ਮੈਚਾਂ ਦੀ ਸੀਰੀਜ਼ 'ਤੇ 2-1 ਨਾਲ ਕਬਜ਼ਾ ਕੀਤਾ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਦੇ ਵੀ ਭਾਰਤੀ ਟੀਮ ਨੇ ਅਜਿਹੀ ਉਪਲੱਬਧੀ ਹਾਸਲ ਨਹੀਂ ਕੀਤੀ ਸੀ। ਦਰਅਸਲ, ਸਫਲਤਾ ਦੀ ਇਹ ਨੀਂਹ ਸੌਰਵ ਗਾਂਗੁਲੀ ਦੀ ਅਗਵਾਈ ਵਿਚ ਰੱਖੀ ਜਾ ਚੁੱਕੀ ਸੀ। ਗਾਂਗੁਲੀ ਦੀ ਅਗਵਾਈ ਵਿਚ ਟੀਮ ਇੰਡੀਆ ਪਹਿਲੀ ਵਾਰ ਟੈਸਟ ਸੀਰੀਜ਼ ਡਰਾਅ ਕਰਾਉਣ 'ਚ ਸਫਲ ਹੋਈ ਸੀ। ਉਸ ਤੋਂ ਬਾਅਦ ਭਾਰਤੀ ਟੀਮ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਸਫਲਤਾ ਦੀ ਪੌੜੀ ਚੜਦੀ ਗਈ।

ਬਾਕਸਿੰਗ ਡੇਅ ਟੈਸਟ ਕੀਤਾ ਸੀ ਆਪਣੇ ਨਾਂ

ਭਾਰਤ ਨੇ ਆਸਟਰੇਲੀਆ ਦੌਰੇ 'ਤੇ ਬਾਕਸਿੰਗ ਡੇਅ ਟੈਸਟ ਜਿੱਤਣ ਦੇ ਨਾਲ ਹੀ 2-1 ਨਾਲ ਬੜ੍ਹਤ ਬਣਾ ਲਈ ਸੀ ਪਰ ਸੀਰੀਜ਼ ਵਿਚ ਇਕ ਮੈਚ ਹੋਣਾ ਅਜੇ ਵੀ ਬਾਕੀ ਸੀ। ਅਜਿਹੇ 'ਚ ਟਿਮ ਪੇਨ ਦੀ ਕਪਤਾਨੀ ਵਾਲੀ ਕੰਗਾਰੂ ਟੀਮ ਦੇ ਕੋਲ ਸੀਰੀਜ਼ 2-2 ਨਾਲ ਬਰਾਬਰੀ 'ਤੇ ਖਤਮ ਕਰਨ ਦਾ ਚੰਗਾ ਮੌਕਾ ਸੀ ਪਰ ਭਾਰਤੀ ਟੀਮ ਦਾ ਪ੍ਰਦਰਸ਼ਨ ਇੰਨਾ ਸ਼ਾਨਦਾਰ ਸੀ ਕਿ ਆਸਟਰੇਲੀਆਈ 'ਤੇ ਚੌਥੇ ਟੈਸਟ ਵਿਚ ਵੀ ਹਾਰ ਦਾ ਖਤਰਾ ਮੰਡਰਾਉਣ ਲੱਗ ਗਿਆ ਸੀ। 5ਵੇਂ ਦਿਨ ਮੀਂਹ ਕਾਰਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ ਅਤੇ ਭਾਰਤੀ ਟੀਮ ਨੂੰ 2-1 ਦੀ ਜਿੱਤ ਨਾਲ ਇਸ ਸੀਰੀਜ਼ ਵਿਚ ਸਬਰ ਕਰਨਾ ਪਿਆ।

ਆਈ. ਸੀ. ਸੀ. ਨੇ ਵੀ ਕੀਤਾ ਟਵੀਟ

ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਵੀ ਇਸ ਇਤਿਹਾਸਕ ਦਿਨ ਨੂੰ ਯਾਦ ਕਰਦਿਆਂ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਵੀਡੀਓ ਅਪਲੋਡ ਕੀਤੀ ਹੈ। ਇਸ ਦੇ ਕੈਪਸ਼ਨ ਵਿਚ ਉਸਨੇ ਲਿਖਿਆ ਹੈ, ''ਪਿਛਲੇ ਸਾਲ 2019 ਵਿਚ ਅੱਜ ਦੇ ਦਿਨ ਟੀਮ ਇੰਡੀਆ ਨੇ ਰਚਿਆ ਸੀ ਇਤਿਹਾਸ। ਵਿਰਾਟ ਕੋਹਲੀ ਦੀ ਟੀਮ ਅਜਿਹੀ ਪਹਿਲੀ ਭਾਰਤੀ ਟੀਮ ਹੈ ਜਿਸ ਨੇ ਆਸਟਰੇਲੀਆ ਵਿਚ ਟੈਸਟ ਸੀਰੀਜ਼ ਜਿੱਤੀ ਹੈ।

ਕੀ ਕਹਿੰਦਾ ਹੈ ਇਤਿਹਾਸ

ਭਾਰਤ-ਆਸਟਰੇਲੀਆ ਵਿਚਾਲੇ 74 ਸਾਲ ਦੇ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਟੀਮ ਇੰਡੀਆ ਕੰਗਾਰੂਆਂ ਨੂੰ ਉਨ੍ਹਾਂ ਦੀ ਧਰਤੀ 'ਤੇ ਹਰਾਉਣ ਵਿਚ ਸਫਲ ਹੋਈ। ਆਸਟਰੇਲੀਆ ਨੂੰ ਉਨ੍ਹਾਂ ਦੀ ਧਰਤੀ 'ਤੇ ਹਰਾਉਣ ਵਾਲੀ ਇੰਡੀਆ ਪਹਿਲੀ ਏਸ਼ੀਆਈ ਟੀਮ ਹੈ। ਭਾਰਤ ਵੱਲੋਂ ਸੀਰੀਜ਼ ਜਿੱਤ ਦੇ ਹੀਰੋ ਚੇਤੇਸ਼ਵਰ ਪੁਜਾਰਾ ਰਹੇ, ਜਿਸ ਨੇ 4 ਟੈਸਟ ਪਾਰੀਆਂ ਵਿਚ 74.43 ਦੀ ਸ਼ਾਨਦਾਰ ਔਸਤ ਨਾਲ ਸਭ ਤੋਂ ਵੱਧ 521 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਉਸ ਨੇ 3 ਸੈਂਕੜੇ ਵੀ ਲਾਏ। ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਨੇ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਬੁਮਰਾਹ ਨੇ ਸਭ ਤੋਂ ਵੱਧ 21 ਵਿਕਟਾਂ ਆਪਣੇ ਨਾਂ ਕੀਤੀਆਂ ਸੀ।