ਵਿੰਡੀਜ਼ ਖਿਲਾਫ ਪਿੱਛਲੇ 6 ਮੁਕਾਬਲਿਆਂ 'ਚ ਅਜੇਤੂ ਰਹੀ ਹੈ ਟੀਮ ਇੰਡੀਆ,ਦੇਖੋ ਰਿਕਾਰਡਜ਼

12/06/2019 2:08:27 PM

ਸਪੋਰਟਸ ਡੈਸਕ— ਟੀਮ ਇੰਡੀਆ ਅੱਜ ਸ਼ੁੱਕਰਵਾਰ ਤੋਂ ਵੈਸਟਇੰਡੀਜ਼ ਖਿਲਾਫ ਸ਼ੁਰੂ ਹੋਣ ਜਾ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਆਪਣਾ ਦਬਦਬਾ ਕਾਇਮ ਰੱਖਣ ਉਤਰੇਗੀ। ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। ਵਰਲਡ ਰੈਂਕਿੰਗ 'ਚ 5ਵੇਂ ਨੰਬਰ 'ਤੇ ਕਾਬਿਜ ਭਾਰਤ ਨੇ ਇਸ ਸਾਲ ਅਗਸਤ 'ਚ ਹੀ ਵੈਸਟਇੰਡੀਜ਼ ਦੌਰੇ 'ਤੇ ਤਿੰਨੋਂ ਫਾਰਮੈਟਾਂ 'ਚ ਮੇਜ਼ਬਾਨ ਟੀਮ 'ਤੇ ਕਲੀਨ ਸਵੀਪ ਕੀਤਾ ਸੀ। ਇਹ ਮੁਕਾਬਲਾ ਸ਼ਾਮ 7.00 ਵਜੇ ਸ਼ੁਰੂ ਹੋਵੇਗਾ।

ਪਿੱਚ ਰਿਪੋਰਟ ਅਤੇ ਮੌਸਮ ਦਾ ਮਿਜ਼ਾਜ
ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ 'ਚ ਪਹਿਲੀ ਵਾਰ ਟੀ-20 ਖੇਡਿਆ ਜਾ ਰਿਹਾ ਹੈ। ਹਾਲਾਂਕਿ, ਇੱਥੇ ਖੇਡੇ ਗਏ 6 ਵਨ-ਡੇ ਅਤੇ 5 ਟੈਸਟ 'ਚ ਟਾਸ ਦਾ ਮਹੱਤਵ 50-50 ਫੀਸਦੀ ਰਿਹਾ ਹੈ। ਇਹ ਪਿੱਚ ਸਪਿਨਰ ਲਈ ਮਦਦਗਾਰ ਰਹੇਗੀ। ਇੱਥੇ ਬੱਲੇਬਾਜ਼ੀ ਕਰਨੀ ਵੀ ਆਸਾਨ ਹੋਵੇਗੀ। ਦੋਵੇਂ ਟੀਮਾਂ ਦੋ ਦਿਨ ਪਹਿਲਾਂ ਹੀ ਇੱਥੇ ਆ ਗਈਆਂ ਸਨ। ਇਸ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀ ਨੇ ਰੱਜ ਕੇ ਨੈੱਟ ਅਭਿਆਸ ਕੀਤੀ। ਮੌਸਮ ਵਿਭਾਗ ਮੁਤਾਬਕ ਮੈਚ ਦੇ ਦੌਰਾਨ ਅਸਮਾਨ 'ਚ ਬੱਦਲ ਰਹਿਣ ਦਾ ਅਨੁਮਾਨ ਹੈ ਅਤੇ ਰਾਤ ਦੇ ਸਮੇਂ ਤ੍ਰੇਲ ਵੀ ਰਹੇਗੀ।
ਭਾਰਤ ਬਨਾਮ ਵੈਸਟਇੰਡੀਜ਼ : ਟੀ-20 ਰਿਕਾਰਡ
ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਇਸ ਤੋਂ ਪਹਿਲਾਂ 14 ਵਾਰ ਟੀ-20 ਮੈਚਾਂ 'ਚ ਆਮਨੇ ਸਾਹਮਣੇ ਹੋ ਚੁੱਕੀਆਂ ਹਨ। ਜਿਸ 'ਚ ਭਾਰਤੀ ਟੀਮ ਦਾ ਪਲੜਾ ਭਾਰੀ ਹੈ। ਭਾਰਤੀ ਟੀਮ ਨੇ 8 ਮੈਚਾਂ 'ਚ ਵੈਸਟਇੰਡੀਜ਼ ਨੂੰ ਹਰਾਇਆ ਹੈ, ਜਦ ਕਿ 5 ਮੈਚਾਂ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੋਵਾਂ ਟੀਮਾਂ ਦੇ ਵਿਚਾਲੇ ਇਕ ਮੈਚ ਦਾ ਨਤੀਜਾ ਨਹੀਂ ਨਿਕਲ ਸਕਿਆ ਹੈ ਭਾਰਤ ਅਤੇ ਵੈਸਟਇੰਡੀਜ਼ ਦੇ ਵਿਚਾਲੇ ਪਿੱਛਲੀ ਟੀ-20 ਸੀਰੀਜ਼ ਇਸ ਸਾਲ ਅਗਸਤ 'ਚ ਖੇਡੀ ਗਈ ਸੀ, ਭਾਰਤੀ ਟੀਮ ਨੇ ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕੀਤਾ ਸੀ। ਹਾਲਾਂਕਿ ਦੋਵੇਂ ਟੀਮਾਂ ਦੇ ਵਿਚਾਲੇ ਹੋਏ ਪਿੱਛਲੇ 6 ਮੁਕਾਬਲਿਆਂ 'ਚ ਭਾਰਤੀ ਟੀਮ ਨੇ ਸਾਰੇ ਮੈਚ ਜਿੱਤੇ ਹਨ।
ਵਿੰਡੀਜ਼ ਨੂੰ ਪਿਛਲੇ ਛੇ ਟੀ-20 ਮੈਚਾਂ 'ਚ ਮਿਲੀ ਹਾਰ
ਕੈਰੇਬੀਆਈ ਟੀਮ ਦਾ ਹਾਲ ਹੀ ਦਾ ਟੀ-20 ਰਿਕਾਰਡ ਸਹੀ ਨਹੀਂ ਰਿਹਾ ਹੈ ਅਤੇ ਟੀਮ ਨੂੰ ਪਿਛਲੇ ਛੇ ਟੀ-20 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵੈਸਟਇੰਡੀਜ਼ ਹਾਲ 'ਚ ਲਖਨਊ 'ਚ ਅਫਗਾਨਿਸਤਾਨ ਖਿਲਾਫ ਵੀ 1-2 ਨਾਲ ਹਾਰ ਗਈ ਸੀ। ਅਜਿਹੇ 'ਚ ਭਾਰਤ ਦੇ ਵਿਸ਼ਵ ਪੱਧਰ ਦੀ ਗੇਂਦਬਾਜ਼ੀ ਦੇ ਅੱਗੇ ਕੈਰੇਬੀਆਈ ਬੱਲੇਬਾਜ਼ਾਂ ਨੂੰ ਟਿਕਣ ਦਾ ਹੌਂਸਲਾ ਦਿਖਾਉਣਾ ਹੋਵੇਗਾ। ਹਾਲਾਂਕਿ, ਵੈਸਟਇੰਡੀਜ਼ ਦੀ ਕਮਾਨ ਹੁਣ ਕਿਰੋਨ ਪੋਲਾਰਡ ਦੇ ਹੱਥਾਂ 'ਚ ਹੈ। ਉਨ੍ਹਾਂ ਤੋਂ ਕੈਰੇਬੀਆਈ ਟੀਮ ਨੂੰ ਕਾਫ਼ੀ ਉਮੀਦਾ ਹੋਣਗੀਆਂ। ਪੋਲਾਰਡ ਨੇ ਇਸ ਸਾਲ 56 ਟੀ-20 ਪਾਰੀਆਂ 'ਚ 1299 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੀ ਔਸਤ 35.10 ਦਾ ਰਿਹਾ ਹੈ ਅਤੇ 146.94 ਦੀ ਸਟ੍ਰਾਈਕ ਰੇਟ ਨਾਲ ਉਨ੍ਹਾਂ ਨੇ ਦੌੜਾਂ ਬਣਾਈਆਂ ਹਨ।  ਦੱਸ ਦੇਈਏ ਕਿ ਪਿਛਲੇ ਤਿੰਨ ਸਾਲਾਂ ਤੋਂ ਟੀ-20 ਅੰਤਰਰਾਸ਼ਟਰੀ ਮੈਚ ਕੈਰੇਬੀਆਈ ਟੀਮ ਦਾ ਪ੍ਰਦਰਸ਼ਨ ਕਾਫ਼ੀ ਖ਼ਰਾਬ ਰਿਹਾ ਹੈ। ਉਹ 12 ਟੀਮਾਂ 'ਚ 11ਵੇਂ ਸਥਾਨ 'ਤੇ ਹੈ।  ਉਸ ਨੇ ਸਿਰਫ 30.77 ਦੇ ਫ਼ੀਸਦੀ ਨਾਲ ਮੈਚ ਜਿੱਤੇ ਹਨ। ਉਥੇ ਹੀ ਭਾਰਤੀ ਟੀਮ 64.00 ਦੇ ਔਸਤ ਦੇ ਨਾਲ ਤੀਜੇ ਸਥਾਨ 'ਤੇ ਹੈ।