IND vs WI : ਯੁਵਰਾਜ ਨੇ ਵਿਰਾਟ ਐਂਡ ਕੰਪਨੀ ਨੂੰ ਰੱਜ ਕੇ ਪਾਈ ਝਾੜ, ਜਾਣੋ ਕਾਰਨ

12/07/2019 2:05:34 PM

ਸਪੋਰਟਸ ਡੈਸਕ— ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਟੀਮ ਇੰਡੀਆ ਨੇ ਵਿੰਡੀਜ਼ ਨੂੰ 6 ਵਿਕਟਾਂ ਨਾਲ ਹਰਾ 1-0 ਦਾ ਵਾਧਾ ਹਾਸਲ ਕਰ ਲਿਆ ਹੈ। ਟੀਮ ਦੀ ਜਿੱਤ ਦੇ ਬਾਅਦ ਵੀ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਟੀਮ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਨੇ ਕੋਹਲੀ ਐਂਡ ਕੰਪਨੀ ਨੂੰ ਵੈਸਟਇੰਡੀਜ਼ ਖਿਲਾਫ ਖਰਾਬ ਫੀਲਡਿੰਗ ਲਈ ਰੱਜ ਕੇ ਆਲੋਚਨਾ ਕੀਤੀ ਅਤੇ ਝਾੜ ਪਾਈ ਹੈ। ਯੁਵਰਾਜ ਨੇ ਸੋਸ਼ਲ ਮੀਡੀਆ 'ਤੇ ਟੀਮ ਇੰਡੀਆ ਨੂੰ ਖਰਾਬ ਗੇਂਦਬਾਜ਼ੀ ਅਤੇ ਫੀਲਡਿੰਗ ਤੋਂ ਸਾਵਧਾਨ ਹੋਣ ਦੀ ਗੱਲ ਲਿਖੀ ਹੈ।

ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਵੀ ਟੀਮ ਇੰਡੀਆ ਦੀ ਖਰਾਬ ਫੀਲਡਿੰਗ ਬਾਰੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਲਿਖਿਆ, ''ਅੱਜ ਫੀਲਡ 'ਚ ਭਾਰਤ ਦਾ ਇਹ ਬੇਹੱਦ ਖਰਾਬ ਪ੍ਰਦਰਸ਼ਨ। ਯੁਵਾ ਧਾਕੜਾਂ ਨੇ ਕਾਫੀ ਦੇਰ ਨਾਲ ਪ੍ਰਤੀਕਿਰਿਆ ਦਿੱਤੀ। ਕੀ ਇਹ ਜ਼ਿਆਦਾ ਕ੍ਰਿਕਟ ਦਾ ਅਸਰ ਹੈ?? ਚਲੋ ਮੁੰਡਿਓ ਆਓ ਇਹ ਟੀਚਾ ਹਾਸਲ ਕਰਦੇ ਹਾਂ।'' ਜ਼ਿਕਰਯੋਗ ਹੈ ਕਿ ਕੋਹਲੀ ਨੇ 50 ਗੇਂਦਾਂ 'ਤੇ 6 ਚੌਕੇ ਅਤੇ ਇੰਨੇ ਹੀ ਛੱਕਿਆਂ ਦੀ ਮਦਦ ਨਾਲ ਅਜੇਤੂ 94 ਦੌੜਾਂ ਬਣਾਈਆਂ ਜੋ ਇਸ ਫਾਰਮੈਟ 'ਚ ਉਨ੍ਹਾਂ ਦਾ ਸਰਵਉੱਚ ਸਕੋਰ ਹੈ। ਉਨ੍ਹਾਂ ਨੇ ਰਾਹੁਲ (40 ਗੇਂਦਾਂ 'ਤੇ 62 ਦੌੜਾਂ) ਦੇ ਨਾਲ ਦੂਜੇ ਵਿਕਟ ਲਈ 100 ਦੌੜਾਂ ਦੀ ਸਾਂਝੇਦਾਰੀ ਕੀਤੀ।

ਰੋਹਿਤ ਸ਼ਰਮਾ ਅਤੇ ਵਾਸ਼ਿੰਗਟਨ ਸੁੰਦਰ ਤੋਂ ਖੁੰਝੇ ਸਨ ਕੈਚ

ਮੈਚ 'ਚ ਵੈਸਟਇੰਡੀਜ਼ ਦੇ ਸ਼ਿਮਰੋਨ ਹੇਟਮਾਇਰ ਨੇ 56 ਦੌੜਾਂ ਦੀ ਪਾਰੀ ਖੇਡੀ ਪਰ ਇਹ ਦੌੜਾਂ ਟੀਮ ਇੰਡੀਆ ਦੀ ਘਟੀਆ ਫੀਲਡਿੰਗ ਕਰਕੇ ਬਣੀਆਂ। 16ਵੇਂ ਓਵਰ 'ਚ ਹੇਟਮਾਇਰ ਦਾ ਕੈਚ ਵਾਸ਼ਿੰਗਟਨ ਸੁੰਦਰ ਨੇ ਗੁਆਇਆ। ਵੈਸਟਇੰਡੀਜ਼ ਦੇ ਕਪਤਾਨ ਕਿਰੋਨ ਪੋਲਾਰਡ ਦਾ ਕੈਚ ਤਜਰਬੇਕਾਰ ਰੋਹਿਤ ਸ਼ਰਮਾ ਨੇ ਛੱਡਿਆ। ਪੋਲਾਰਡ ਜਦੋਂ 24 ਦੌੜਾਂ 'ਤੇ ਸੀ ਉਦੋਂ ਰੋਹਿਤ ਉਸ ਦੇ ਕੈਚ ਤੋਂ ਖੁੰਝ ਗਏ ਸਨ। ਉਸ ਨੇ 37 ਦੌੜਾਂ ਦੀ ਪਾਰੀ ਖੇਡੀ।

Tarsem Singh

This news is Content Editor Tarsem Singh