ਟਾਟਾ ਸਟੀਲ ਮਾਸਟਰਸ ਸ਼ਤਰੰਜ : ਆਨੰਦ ਦੀ ਮਮੇਘਾਰੋਵ ''ਤੇ ਸ਼ਾਨਦਾਰ ਜਿੱਤ

01/21/2019 8:48:04 PM

ਵਿਜਕ ਆਨ ਜੀ (ਨੀਦਰਲੈਂਡ) (ਨਿਕਲੇਸ਼ ਜੈਨ) — ਟਾਟਾ ਸਟੀਲ ਮਾਸਟਰਸ ਸ਼ਤਰੰਜ ਵਿਚ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਪਿਛਲੇ 2 ਸਾਲਾਂ ਵਿਚ ਕਿਸੇ ਇਕ ਟੂਰਨਾਮੈਂਟ ਵਿਚ ਆਪਣਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਊਂਡ-8 ਵਿਚ ਅਜ਼ਰਬੈਜਾਨ ਦੇ ਮਮੇਘਾਰੋਵ ਨੂੰ ਹਰਾ ਕੇ 5.5 ਅੰਕਾਂ ਨਾਲ ਸਾਂਝੀ ਬੜ੍ਹਤ ਬਰਕਰਾਰ ਰੱਖੀ। ਮਮੇਘਾਰੋਵ ਨਾਲ ਮੁਕਾਬਲੇ ਵਿਚ ਸਫੈਦ ਮੋਹਰਿਆਂ ਨਾਲ ਖੇਡ ਰਹੇ ਆਨੰਦ ਨੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਰੋਕਾਨ ਓਪਨਿੰਗ ਵਿਚ ਸਿਰਫ 27 ਚਾਲਾਂ ਵਿਚ ਮਮੇਘਾਰੋਵ ਨੂੰ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ। ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਵੀ ਚੋਟੀ ਦੇ ਸਥਾਨ 'ਤੇ ਬਣਿਆ ਹੋਇਆ ਹੈ। ਉਸ ਨੇ ਹੰਗਰੀ ਦੇ ਰਿਚਰਡ ਰਾਪੋਰਟ ਨੂੰ ਹਾਰ ਦਾ ਸਵਾਦ ਚਖਾਇਆ।
ਹੋਰਨਾਂ ਭਾਰਤੀ ਖਿਡਾਰੀਆਂ ਵਿਚ ਵਿਦਿਤ ਗੁਜਰਾਤੀ ਨੇ ਕੱਲ ਦੀ ਹਾਰ ਤੋਂ ਉੱਭਰਦੇ ਹੋਏ ਮੇਜ਼ਬਾਨ ਨੀਦਰਲੈਂਡ ਦੇ ਵਿਸ਼ਵ ਦੇ ਨੰਬਰ-4 ਅਨੀਸ਼ ਗਿਰੀ ਨੂੰ ਡਰਾਅ ਖੇਡਣ ਤੇ ਅੰਕ ਵੰਡਣ ਲਈ ਮਜਬੂਰ ਕਰ ਦਿੱਤਾ। ਹੁਣ ਤਕ ਇਸ ਪ੍ਰਤੀਯੋਗਿਤਾ ਵਿਚ ਵਿਸ਼ਵ ਦੇ 42ਵੇਂ ਨੰਬਰ ਦੇ ਖਿਡਾਰੀ ਵਿਦਿਤ ਨੇ ਵਿਸ਼ਵ ਦੇ ਨੰਬਰ-1 ਕਾਰਲਸਨ, ਨੰਬਰ-3 ਚੀਨ ਦੇ ਡੀਂਗ ਲੀਰੇਨ ਨਾਲ ਵੀ ਡਰਾਅ ਖੇਡ ਕੇ ਸਾਰਿਆਂ ਨੂੰ ਆਪਣੀ ਪ੍ਰਤਿਭਾ ਦਿਖਾਈ ਹੈ।
ਰੂਸ ਦੇ ਸਾਬਕਾ ਵਿਸ਼ਵ ਚੈਂਪੀਅਨ ਵਲਾਦੀਮਿਰ ਕ੍ਰਾਮਨਿਕ ਦੀ ਪੋਲੈਂਡ ਦੇ ਜਾਨ ਡੂਡਾ ਹੱਥੋਂ ਹਾਰ ਵੀ ਚਰਚਾ 'ਚ ਰਹੀ। 8 ਰਾਊਂਡਜ਼ ਤੋਂ ਬਾਅਦ ਭਾਰਤ ਦਾ ਵਿਸ਼ਵਨਾਥਨ ਆਨੰਦ ਤੇ ਨਾਰਵੇ ਦਾ ਮੈਗਨਸ ਸਭ ਤੋਂ ਅੱਗੇ ਚੱਲ ਰਹੇ ਹਨ। ਉਨ੍ਹਾਂ ਤੋਂ ਬਾਅਦ ਅਨੀਸ਼ ਗਿਰੀ, ਚੀਨ ਦਾ ਡੀਂਗ ਲੀਰੇਨ ਤੇ ਨੇਪੋਮਨਿਆਚੀ 5 ਅੰਕਾਂ 'ਤੇ ਹਨ, ਜਦਕਿ ਵਿਦਿਤ 4 ਅੰਕਾਂ ਨਾਲ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹੈ।