ਟਾਟਾ ਸਟੀਲ ਸ਼ਤਰੰਜ : ਆਨੰਦ ਨੇ ਡੂਡਾ ਨਾਲ ਡਰਾਅ ਖੇਡਿਆ

01/28/2020 6:52:30 PM


ਵਿਜਨ ਆਨ ਜੀ (ਨੀਦਰਲੈਂਡ) : ਭਾਰਤੀ ਸਟਾਰ ਵਿਸ਼ਵਨਾਥਨ ਆਨੰਦ ਨੇ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਦੇ 13ਵੇਂ ਤੇ ਆਖਰੀ ਦੌਰ ਵਿਚ ਪੋਲੈਂਡ ਦੇ ਯਾਨ ਕ੍ਰਿਸਟੋਫ ਡੁਡਾ ਨਾਲ ਡਰਾਅ ਖੇਡਿਆ ਤੇ ਇਸ ਤਰ੍ਹਾਂ ਨਾਲ ਪੰਜ ਵਾਰ ਦਾ ਚੈਂਪੀਅਨ ਸਾਂਝੇ ਤੌਰ 'ਤੇ ਛੇਵੇਂ ਸਥਾਨ 'ਤੇ ਰਿਹਾ। ਫੈਬਿਆਨੋ ਕਾਰੂਆਨਾ ਨੇ ਫਿਰ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਰੂਸ ਦੇ ਵਲਾਦਿਸਲਾਵ ਆਰਤਮੀਵ ਨੂੰ ਹਰਾ ਕੇ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ 'ਤੇ 2 ਅੰਕਾਂ ਦੀ ਬੜ੍ਹਤ ਨਾਲ ਟੂਰਨਾਮੈਂਟ ਜਿੱਤਿਆ। ਕਾਰਲਸਨ ਦੂਜੇ ਸਥਾਨ 'ਤੇ ਰਿਹਾ। ਕਾਰੂਆਨਾ ਨੇ ਟੂਰਨਾਮੈਂਟ ਵਿਚ ਸੰਭਾਵਿਤ 13 ਵਿਚੋਂ 10 ਅੰਕ ਬਣਾਏ। ਇਸ ਤੋਂ ਪਹਿਲਾਂ ਗੈਰੀ ਕਾਸਪਾਰੋਵ ਨੇ 1999 ਤੇ ਮੈਗਨਸ ਕਾਰਲਸਨ ਨੇ 2013 ਵਿਚ ਇੰਨੇ ਅੰਕ ਹਾਸਲ ਕੀਤੇ ਸਨ। ਕਾਰਲਸਨ ਜਦੋਂ ਖਿਤਾਬ ਨਹੀਂ ਜਿੱਤਸਕਦਾ ਤਾਂ ਅਕਸਰ ਦੂਜੇ ਸਥਾਨ 'ਤੇ ਰਹਿੰਦਾ ਹੈ ਪਰ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਜਦਕਿ ਉਸ਼ਦੇ ਤੇ ਜੇਤੂ ਵਿਚਾਲੇ 2 ਅੰਕਾਂ ਦਾ ਫਰਕ ਰਿਹਾ ਹੋਵੇ। ਅਮਰੀਕਾ ਦਾ ਵੇਸਲੀ ਸੋਅ 7.5 ਅੰਕ ਲੈ ਕੇ ਤੀਜੇ ਸਥਾਨ 'ਤੇ ਰਿਹਾ। ਉਸ ਤੋਂ ਬਾਅਦ ਰੂਸ ਦਾ ਦਾਨਿਲ ਡੁਬੋਵ ਤੇ ਨੀਦਰਲੈਂਡ ਦਾ ਜੋਰਡਨ ਵਾਨ ਫੋਰੀਸਟ ਦਾ ਨੰਬਰ ਆਉਂਦਾ ਹੈ, ਜਿਸਦੇ 7-7 ਅੰਕ ਰਹੇ।

ਆਨੰਦ ਨੇ 11ਵੇਂ ਦੌਰ ਵਿਚ ਅਲੀਰੇਜਾ ਫਿਰੋਜਾ ਨੂੰ ਹਰਾ ਕੇ ਉਮੀਦ ਜਗਾਈ ਸੀ ਪਰ ਇਸ ਤੋਂ ਬਾਅਦ  ਦੋ ਡਰਾਅ ਖੇਡਣ ਨਾਲ ਉਹ 6.5 ਅੰਕ ਤਕ ਹੀ ਪਹੁੰਚ ਸਕਿਆ। ਉਹ ਨੀਦਰਲੈਂਡ ਦੇ ਅਨੀਸ ਗਿਰੀ, ਅਮਰੀਕਾ ਦੇ ਜੇਫ੍ਰੀ ਝਿਓਂਗ, ਡੂਡਾ, ਆਰਤਮੀਵ ਤੇ ਫਿਰੋਜਾ ਦੇ ਨਾਲ ਸਾਂਝੇ ਤੌਰ 'ਤੇ ਛੇਵੇਂ ਸਥਾਨ 'ਤੇ ਰਿਹਾ। ਚੈਲੰਜਰ ਵਰਗ ਵਿਚ ਭਾਰਤ ਦਾ ਸੂਰਯਸ਼ੇਖਰ ਗਾਂਗੁਲੀ ਤੇ ਨਿਹਾਲ ਸਰੀਨ ਨੇ ਜਿੱਤ ਨਾਲ ਅੰਤ ਕੀਤਾ। ਸਰੀਨ ਨੇ ਅਜਰਬੇਜਾਨ ਦੇ ਰਊਫ ਮਾਮੇਦੋਵ ਨੂੰ ਜਦਕਿ ਗਾਂਗੁਲੀ ਨੇ ਆਸਟਰੇਲੀਆ ਦੇ ਐਂਟਨ ਸਿਮਿਰਨੋਵ ਨੂੰ ਹਰਾਇਆ। ਗਾਂਗੁਲੀ 7.5 ਅੰਕ ਲੈ ਕੇ ਪੰਜਵੇਂ ਜਦਕਿ ਸਰੀਨ ਸਾਂਝੇ ਤੌਰ 'ਤੇ 6ਵੇਂ ਸਥਾਨ 'ਤੇ ਰਿਹਾ। ਸਪੇਨ ਦੇ ਡੇਵਿਡ ਐਂਟਨ ਗੁਇਜਾਰੋ ਨੇ 8.5 ਅੰਕ ਲੈ ਕੇ ਚੈਲੰਜਰਸ ਵਰਗ ਦਾ ਖਿਤਾਬ ਜਿੱਤਿਆ ਤੇ ਅਗਲੇ ਸਾਲ ਦੇ ਮਾਸਟਰਸ ਵਰਗ ਵਿਚ ਜਗ੍ਹਾ ਬਣਾਈ।