ਟੇਪੇ ਸਿਗਮਨ ਸ਼ਤਰੰਜ : ਨਿਹਾਲ-ਹਰਿਕ੍ਰਿਸ਼ਣਾ ਦੀ ਡਰਾਅ ਨਾਲ ਹੋਈ ਸ਼ੁਰੂਆਤ

05/04/2019 7:39:21 PM

ਮਾਲਮੋ— ਟੇਪੇ ਸਿਗਮਨ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ 'ਚ ਭਾਰਤ ਦੇ ਨੰਬਰ-2 ਖਿਡਾਰੀ ਪੇਂਟਾਲਾ ਹਰਿਕ੍ਰਿਸ਼ਣਾ ਤੇ ਨੰਨ੍ਹੇ ਮਾਸਟਰ ਨਿਹਾਲ ਸਰੀਨ ਨੇ ਡਰਾਅ ਨਾਲ ਸ਼ੁਰੂਆਤ ਕੀਤੀ। ਪ੍ਰਤੀਯੋਗਿਤਾ 'ਚ ਟਾਪ ਸੀਡ ਪੇਂਟਾਲਾ ਹਰਿਕ੍ਰਿਸ਼ਣਾ ਦਾ ਮੁਕਾਬਲਾ ਸਵੀਡਨ ਦੇ ਪੇਰਸਸੋਨ ਟਾਈਗਰ ਨਾਲ ਸੀ। ਸਫੈਦ ਮੋਹਰਿਆਂ ਨਾਲ ਖੇਡ ਰਿਹਾ ਹਰਿਕ੍ਰਿਸ਼ਣਾ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਨਹੀਂ ਕਰ ਸਕਿਆ ਤੇ ਮੁਕਾਬਲਾ ਡਰਾਅ ਰਿਹਾ। ਸਿਸਿਲੀਅਨ ਪੌਲਸਨ ਵਿਚ ਹੋਏ ਇਸ ਮੁਕਾਬਲੇ 'ਚ ਇਕ ਸਮੇਂ ਖੇਡ ਦੀ 29ਵੀਂ ਚਾਲ ਵਿਚ ਹਰਿਕ੍ਰਿਸ਼ਣਾ ਨੇ ਬੋਰਡ ਦੇ ਵਜ਼ੀਰ ਦੇ ਹਿੱਸੇ ਤੋਂ ਇਕ ਪਿਆਦੇ ਦੀ ਬੜ੍ਹਤ ਬਣਾ ਕੇ ਮੈਚ ਵਿਚ ਆਪਣੀ ਪਕੜ ਮਜ਼ਬੂਤ ਕਰ ਲਈ ਸੀ ਤੇ 54ਵੀਂ ਚਾਲ ਤਕ ਆਉਂਦੇ-ਆਉਂਦੇ ਵਜ਼ੀਰ ਤੇ ਪਿਆਦੇ ਦੇ ਐਂਡਗੇਮ ਵਿਚ ਉਹ ਜਿੱਤ ਦੇ ਨੇੜੇ ਸੀ ਪਰ ਇਸ ਸਮੇਂ ਵਜ਼ੀਰ ਦੀ ਇਕ ਗਲਤ ਚਾਲ ਨੇ ਉਸ ਦੇ ਰਾਜਾ ਦੀ ਕਮਜ਼ੋਰੀ ਨੂੰ ਉਜਾਗਰ ਕਰ ਦਿੱਤਾ ਤੇ 73 ਚਾਲਾਂ ਤੋਂ ਬਾਅਦ ਅੰਤ ਮੈਚ ਡਰਾਅ ਰਿਹਾ।

ਉਥੇ ਹੀ ਨਿਹਾਲ ਸਰੀਨ ਕ੍ਰੋਏਸ਼ੀਆ ਦੇ ਇਵਾਨ ਸਾਰਿਕ ਨਾਲ ਸਫੈਦ ਮੋਹਰਿਆਂ ਨਾਲ ਮੁਕਾਬਲਾ ਖੇਡ ਰਿਹਾ ਸੀ। ਕਲੋਸ ਕੇਟਲਨ ਓਪਨਿੰਗ ਵਿਚ ਹੋਏ ਇਸ ਮੁਕਾਬਲੇ 'ਚ ਨਿਹਾਲ ਨੇ ਸ਼ੁਰੂਆਤ ਤੋਂ ਹੀ ਖੇਡ 'ਚ ਚੰਗੀ ਪਕੜ ਦਿਖਾਈ ਤੇ ਲੰਬੇ ਚੱਲੇ ਇਸ ਮੈਚ 'ਚ 57ਵੀਂ ਚਾਲ ਵਿਚ ਉਹ ਜਿੱਤਣ ਦੀ ਸਥਿਤੀ 'ਚ ਆ ਗਿਆ ਸੀ ਪਰ ਆਪਣੇ ਤਜਰਬੇ ਨਾਲ ਇਵਾਨ ਵਾਪਸੀ ਕਰਨ ਵਿਚ ਸਫਲ ਰਿਹਾ ਤੇ ਮੈਚ 77 ਚਾਲਾਂ ਤੋਂ ਬਾਅਦ ਡਰਾਅ 'ਤੇ ਖਤਮ ਹੋਇਆ। ਹੋਰਨਾਂ ਮੁਕਾਬਲਿਆਂ ਵਿਚ ਇੰਗਲੈਂਡ ਦੇ ਗਾਵਿਨ ਜੇਮਸ ਨੇ ਈਰਾਨ ਦੇ ਪਰਹਮ ਮਘਸੂਦਲੂ ਨੂੰ ਹਰਾਇਆ ਤੇ ਸਵੀਡਨ ਦੇ ਚੋਟੀ ਦੇ ਖਿਡਾਰੀ ਨਿਲਸ ਗ੍ਰਾਂਡੀਲਿਊਸ ਨੇ ਜਰਮਨੀ ਦੇ ਡਾਈਟਰ ਨਿਸਪੀਏਨ ਨਾਲ ਡਰਾਅ ਖੇਡਿਆ।