'ਤਾਅਨਿਆਂ' ਨੇ ਬਣਾਇਆ ਸ਼ੈਂਕੀ ਸਿੰਘ ਨੂੰ ਵਿਸ਼ਵ ਚੈਂਪੀਅਨ

07/18/2018 12:16:56 AM

ਜਲੰਧਰ (ਸੋਮਨਾਥ, ਜਸਮੀਤ)- ਦੋਸਤਾਂ ਦੇ ਤਾਅਨਿਆਂ (ਮਜ਼ਾਕ ਉਡਾਉਣਾ), ਇਕ ਸੋਚ ਤੇ ਦਿ ਗ੍ਰੇਟ ਖਲੀ ਜੀ ਦੇ ਆਸ਼ੀਰਵਾਦ ਨੇ ਮੈਨੂੰ ਵਿਸ਼ਵ ਚੈਂਪੀਅਨ ਬਣਾ ਦਿੱਤਾ। ਇਹ ਕਹਿਣਾ ਹੈ 7 ਫੁੱਟ ਲੰਬੇ ਸ਼ੈਂਕੀ ਸਿੰਘ ਦਾ, ਜਿਹੜਾ ਹਾਲ ਹੀ ਵਿਚ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਮੰਡੀ ਦੇ ਪੱਡਲ ਮੈਦਾਨ ਵਿਚ ਖਤਮ ਹੋਈ ਸੀ. ਡਬਲਯੂ. ਈ. (ਕਾਂਟੀਨੈਂਟਲ ਰੈਸਲਿੰਗ ਐਂਟਰਟੇਨਮੈਂਟ) ਵਿਚ ਵਿਸ਼ਵ ਚੈਂਪੀਅਨ ਬਣਿਆ ਹੈ। ਸ਼ੈਂਕੀ ਸਿੰਘ ਨੇ ਟੀ. ਐੱਨ. ਏ. (ਅਮਰੀਕਾ) ਦੇ ਚੈਂਪੀਅਨ ਰਹੇ ਕ੍ਰਿਸਮਨ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ ਹੈ।
ਹਰਿਆਣਾ ਦੇ ਯਮੁਨਾਨਗਰ ਦੇ ਰਹਿਣ ਵਾਲੇ ਸ਼ੈਂਕੀ ਸਿੰਘ ਨੇ 'ਜਗ ਬਾਣੀ' ਨੂੰ ਦੱਸਿਆ ਕਿ ਆਪਣੇ ਇਸ ਕੱਦ-ਕਾਠ ਕਾਰਨ ਲੰਬੇ ਸਮੇਂ ਤਕ ਮੈਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਦੋਸਤ ਮਜ਼ਾਕ ਉਡਾਉਂਦੇ ਸਨ ਕਿ ਇਸ ਕੱਦ-ਕਾਠ ਦਾ ਕੀ ਫਾਇਦਾ, ਜੇਕਰ ਕੁਝ ਨਾਂ ਨਹੀਂ ਕਮਾਇਆ ਤਾਂ ਮੈਂ ਸੋਚਿਆ ਕਿ ਇਸ ਵਿਚ ਮੇਰਾ ਕਸੂਰ ਕੀ ਹੈ। ਕਰੀਬ 6 ਸਾਲ ਪਹਿਲਾਂ ਮਹਾਰਿਸ਼ੀ ਮਾਰਕੰਡਾ ਯੂਨੀਵਰਸਿਟੀ ਵਿਚ ਨੌਕਰੀ ਕੀਤੀ ਤਾਂ ਉੱਚਾ-ਲੰਬਾ ਕੱਦ-ਕਾਠ ਪ੍ਰੇਸ਼ਾਨੀ ਬਣਨ ਲੱਗਾ।
ਬੱਸ ਵਿਚ ਜਾਣਾ ਹੁੰਦਾ ਸੀ ਤਾਂ ਇਸ ਲਈ ਬੱਸ ਸਟੈਂਡ 'ਤੇ ਜਾ ਕੇ ਸਭ ਤੋਂ ਪਹਿਲਾਂ  ਖੜ੍ਹਾ ਹੋ ਜਾਂਦਾ ਤੇ ਫਿਰ ਬੱਸ ਵਿਚ ਸਭ ਤੋਂ ਪਹਿਲਾਂ ਹੀ ਸੀਟ 'ਤੇ ਬੈਠ ਜਾਂਦਾ ਤੇ ਸਾਰਿਆਂ ਤੋਂ ਬਾਅਦ ਉਤਰਦਾ ਕਿ ਮੇਰੇ ਕਾਰਨ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ ਪਰ ਮੈਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ 'ਤਾਅਨਿਆਂ' ਨੇ ਮੈਨੂੰ ਜ਼ਿੰਦਗੀ ਦੀ ਇਸ ਬੁਲੰਦੀ ਤਕ ਪਹੁੰਚਣ ਵਿਚ ਮਦਦ ਕੀਤੀ।
ਪੇਸ਼ ਹਨ ਵਿਸ਼ਵ ਚੈਂਪੀਅਨ ਸ਼ੈਂਕੀ ਸਿੰਘ ਨਾਲ ਗੱਲਬਾਤ ਦੇ ਕੁਝ ਅੰਸ਼
ਸ਼ੈਂਕੀ ਸਿੰਘ ਜੀ ਤੁਸੀਂ ਯੂਨੀਵਰਸਿਟੀ ਵਿਚ ਅਕਾਊਂਟੈਂਟਸ ਸੀ, ਫਿਰ ਰੈਸਲਿੰਗ ਵੱਲ ਕਿਵੇਂ ਝੁਕਾਅ ਹੋਇਆ?
ਜਿਵੇਂ ਕਿ ਮੈਂ ਦੱਸਿਆ ਹੈ ਕਿ ਦੋਸਤ ਤੇ ਰਿਸ਼ਤੇਦਾਰ ਤਾਅਨੇ ਮਾਰਦੇ ਸਨ। ਪੜ੍ਹਾਈ ਤੋਂ ਬਾਅਦ ਆਪਣਾ ਘਰ ਨਾ ਹੋਣ ਦੀ ਵਜ੍ਹਾ ਨਾਲ ਯੂਨੀਵਰਸਿਟੀ ਵਿਚ ਨੌਕਰੀ ਸ਼ੁਰੂ ਕਰ ਦਿੱਤੀ। 3 ਸਾਲ ਤਕ ਨੌਕਰੀ ਕਰ ਕੇ ਪੈਸੇ ਜਮ੍ਹਾ ਕੀਤੇ ਪਰ ਇਕ ਦਿਨ 'ਖਲੀ' ਜੀ ਦੇ ਇਕ ਟੀ. ਵੀ. ਚੈਨਲ 'ਤੇ ਚੱਲ ਰਹੇ ਪ੍ਰੋਗਰਾਮ ਨੇ ਮੇਰੀ ਸੋਚ ਬਦਲ ਕੇ ਰੱਖ ਦਿੱਤੀ। ਘਰ ਬਣਾਉਣ ਲਈ ਜਮ੍ਹਾ ਕੀਤੇ ਪੈਸੇ ਸਰੀਰ ਬਣਾਉਣ 'ਤੇ ਖਰਚ ਕਰਨ ਦਾ ਫੈਸਲਾ ਕੀਤਾ। 
ਇਹ ਗੱਲ 4 ਜੁਲਾਈ 2015 ਦੀ ਹੈ, ਜਦੋਂ ਮੈਂ ਪਹਿਲੀ ਵਾਰ ਖਲੀ ਸਾਹਿਬ (ਦਿਲੀਪ ਸਿੰਘ ਰਾਣਾ) ਨਾਲ ਜਲੰਧਰ ਵਿਚ ਆ ਕੇ ਉਨ੍ਹਾਂ ਦੀ ਅਕੈਡਮੀ ਵਿਚ ਮਿਲਿਆ। ਖਲੀ ਸਾਹਿਬ ਨੇ ਅਕੈਡਮੀ ਦੀ ਫੀਸ ਤੇ ਖੁਰਾਕ ਦਾ ਜਿਹੜਾ ਖਰਚਾ ਦੱਸਿਆ, ਉਹ ਮੇਰੇ ਵੱਸ ਦੀ ਗੱਲ ਨਹੀਂ ਸੀ, ਫਿਰ ਵੀ ਮੈਂ ਖਲੀ ਜੀ ਦੀ ਅਕੈਡਮੀ ਜੁਆਇਨ ਕਰਨ ਦਾ ਮਨ ਬਣਾ ਲਿਆ ਤੇ 27 ਜੁਲਾਈ 2015 ਨੂੰ ਅਕੈਡਮੀ ਜੁਆਇਨ ਕਰ ਲਈ।
ਜਿੱਤ ਦੀ ਪੈਂਤੜੇਬਾਜ਼ੀ ਕੀ ਹੈ?
ਮੁਕਾਬਲਿਆਂ ਦੌਰਾਨ ਹਾਰ/ਜਿੱਤ ਤਾਂ ਹੁੰਦੀ ਹੀ ਰਹਿੰਦੀ ਹੈ ਪਰ ਜਦੋਂ ਕਦੀ ਹਾਰ ਹੁੰਦੀ ਹੈ ਤਾਂ ਇਹ ਹਾਰ ਅਗਲੇ ਮੁਕਾਬਲੇ ਲਈ ਤਿਆਰ ਵੀ ਕਰ ਦਿੰਦੀ ਹੈ। ਜਦੋਂ ਮੈਂ ਪਹਿਲੀ ਵਾਰ 24 ਫਰਵਰੀ ਨੂੰ ਹਲਦਾਨੀ ਵਿਚ ਰਿੰਗ ਵਿਚ ਉਤਰਿਆ ਤਾਂ ਮੈਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਹਾਰ ਨੇ ਮੈਨੂੰ ਜਿੱਤ ਦੀ ਪੈਂਤੜੇਬਾਜ਼ੀ ਸਿਖਾ ਦਿੱਤੀ। ਦੂਜਾ ਮੁਕਾਬਲਾ 28 ਫਰਵਰੀ ਨੂੰ ਦੇਹਰਾਦੂਨ ਵਿਚ ਹੋਇਆ, ਜਿਸ ਵਿਚ ਮੈਂ ਜਿੱਤ ਗਿਆ। ਰਾਇਲ ਰੰਬਲ 30 ਪਹਿਲਵਾਨਾਂ ਦਾ ਮੁਕਾਬਲਾ ਹੁੰਦਾ ਹੈ, ਜਿਹੜਾ ਆਖਿਰ ਵਿਚ ਰਹਿ ਜਾਂਦਾ ਹੈ, ਉਹ ਚੈਂਪੀਅਨ ਬਣਦਾ ਹੈ। ਇਹ ਮੁਕਾਬਲਾ ਮੇਰੀ ਜ਼ਿੰਦਗੀ ਦੀ ਪਹਿਲੀ ਸਫਲਤਾ ਸੀ।
ਸਰਕਾਰ ਤੋਂ ਆਸ ਤੇ ਨੌਜਵਾਨਾਂ ਲਈ ਕੀ ਸੰਦੇਸ਼?
ਮੈਂ ਮਿਡਲ ਕਲਾਸ ਪਰਿਵਾਰ ਨਾਲ ਸਬੰਧ ਰੱਖਦਾ ਹਾਂ। ਅਕੈਡਮੀ ਦੀ ਫੀਸ ਤੇ ਖੁਰਾਕ 'ਤੇ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ। ਇਸ ਲਈ ਮੈਂ ਪੰਜਾਬ ਤੇ ਹਰਿਆਣਾ ਸਰਕਾਰ ਕੋਲੋਂ ਨੌਕਰੀ ਚਾਹੁੰਦਾ ਹਾਂ ਤਾਂ ਕਿ ਮੈਂ ਮਿਹਨਤ ਜਾਰੀ ਰੱਖ  ਕੇ ਦੇਸ਼ ਦਾ ਨਾਂ ਉੱਚਾ ਕਰ ਸਕਾਂ। ਨੌਜਵਾਨਾਂ ਨੂੰ ਮੇਰੀ ਇਕ ਹੀ ਅਪੀਲ ਹੈ ਕਿ ਨਸ਼ਿਆਂ ਵਿਚ ਕੁਝ ਨਹੀਂ ਰੱਖਿਆ। ਆਪਣਾ ਸਰੀਰ ਬਣਾਓ। ਇਹ ਹੀ ਦੇਸ਼ਵਾਸੀਆਂ ਦੀ ਸ਼ਾਨ ਹੈ।
ਸ਼ੈਂਕੀ ਸਿੰਘ ਜੀ ਅਕੈਡਮੀ ਦੀ ਫੀਸ ਤੇ ਖੁਰਾਕ ਦਾ ਖਰਚਾ ਕਿੱਥੋਂ ਪੂਰਾ ਕਰਦੇ ਹੋ? 
ਆਪਣੇ ਪ੍ਰਮੋਟਰ ਰਾਜਨ ਮੱਕੜ ਨਾਲ ਗੱਲਬਾਤ ਵਿਚ ਸ਼ੈਂਕੀ ਸਿੰਘ ਨੇ ਦੱਸਿਆ ਕਿ ਮੱਕੜ ਜੀ ਦਾ ਮੇਰੀ ਜ਼ਿੰਦਗੀ ਵਿਚ ਬਹੁਤ ਮਹੱਤਵ ਹੈ। ਇਨ੍ਹਾਂ ਦੀ ਹੀ ਬਦੌਲਤ ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨਾਲ ਮਿਲਿਆ, ਜਿਨ੍ਹਾਂ ਨੇ 2017 ਵਿਚ ਵਿਸਾਖੀ ਵਾਲੇ ਦਿਨ ਮੈਨੂੰ ਗੁਰਦੁਆਰਾ ਮਜਨੂ ਕਾ ਟਿੱਲਾ ਵਿਚ ਕਮੇਟੀ ਵੱਲੋਂ ਸਵਾ ਲੱਖ ਰੁਪਏ ਸਹਾਇਤਾ ਦੇ ਤੌਰ 'ਤੇ ਦਿੱਤੇ। ਇਸ ਤੋਂ ਬਾਅਦ ਐੱਸ. ਜੀ. ਪੀ. ਸੀ. ਹਰਿਆਣਾ ਨੇ ਮੈਨੂੰ ਸਿੱਖਾਂ ਦਾ ਮਾਡਲ ਦੱਸਦੇ ਹੋਏ ਸਹਾਇਤਾ ਦੇ ਤੌਰ 'ਤੇ 1 ਲੱਖ ਰੁਪਿਆ ਦਿੱਤਾ। ਇਸ ਤੋਂ ਬਾਅਦ ਮੈਨੂੰ ਹਰਿਆਣਾ ਦੇ ਸਿੱਖਿਆ ਮੰਤਰੀ ਨੇ ਵੀ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ।

ਅਕੈਡਮੀ ਦੀ ਫੀਸ ਤੇ ਖੁਰਾਕ 'ਤੇ ਕੀ ਖਰਚਾ ਦੱਸਿਆ ਗਿਆ  ?
ਕੁਝ ਸੋਚਦੇ ਹੋਏ, ਕੁਲ ਮਿਲਾ ਕੇ 40 ਤੋ 50 ਹਜ਼ਾਰ ਰੁਪਏ ਮਹੀਨਾ ਖਰਚ ਆ ਜਾਂਦਾ ਹੈ ਕਿਉਂਕਿ ਅਕੈਡਮੀ ਵਿਚ ਵਿਦੇਸ਼ ਤੋਂ ਵੀ ਕੋਚ ਹਨ ਤੇ ਖੁਰਾਕ 'ਤੇ ਵੀ ਪੂਰਾ ਧਿਆਨ ਦੇਣਾ ਪੈਂਦਾ ਹੈ। 
ਕੁਝ ਤਾਂ ਮੁਸ਼ਕਲਾਂ ਆਈਆਂ ਹੋਣਗੀਆਂ?
ਜੀ ਹਾਂ, 3 ਸਾਲ ਨੌਕਰੀ ਵਿਚ ਇੰਨਾ ਪੈਸਾ ਜਮ੍ਹਾ ਨਹੀਂ ਹੋ ਸਕਿਆ ਕਿ 40-50 ਹਜ਼ਾਰ ਰੁਪਏ ਮਹੀਨਾ ਖਰਚ ਕਰ ਸਕਾਂ। ਤਕਰੀਬਨ 6 ਮਹੀਨੇ ਤਕ ਕਾਫੀ ਪੈਸਾ ਖਰਚ ਹੋ ਚੁੱਕਾ ਸੀ  ਪਰ ਤਦ ਤਕ ਖਲੀ ਜੀ ਨੇ ਮੈਨੂੰ ਕਾਫੀ ਹੱਦ ਤਕ ਤਿਆਰ ਕਰ ਦਿੱਤਾ ਸੀ ਕਿ ਮੈਂ ਹਲਦਾਨੀ, ਦੇਹਰਾਦੂਨ ਤੇ ਉੱਤਰਾਖੰਡ ਵਿਚ ਹੋਣ ਵਾਲੇ ਰਾਇਲ ਰੰਬਲ' ਮੁਕਾਬਲੇ ਵਿਚ ਉਤਰ ਸਕਾਂ।
ਆਪਣਾ ਕੰਪੀਟੇਟਰ ਕਿਸ ਨੂੰ ਮੰਨਦੇ ਹੋ ?
ਵੈਸੇ ਤਾਂ ਰਿੰਗ ਵਿਚ ਉੱਤਰਨ ਵਾਲਾ ਹਰ ਪਹਿਲਵਾਨ ਹੀ ਕੰਪੀਟੇਟਰ ਹੁੰਦਾ ਹੈ ਪਰ ਮੇਰੀ ਇੱਛਾ ਡਬਲਯੂ. ਡਬਲਯੂ. ਈ. ਚੈਂਪਅਨ ਬ੍ਰਾਕ ਲੈਸਨਰ ਨੂੰ ਹਰਾਉਣ ਦੀ ਹੈ।
ਸ਼ੈਂਕੀ ਜੀ ਅਕਸਰ ਕਿਹਾ ਜਾਂਦਾ ਹੈ ਕਿ ਰਿੰਗ ਵਿਚ ਜਿਹੜਾ ਮੁਕਾਬਲਾ ਹੁੰਦਾ ਹੈ, ਕੀ ਉਹ ਫੇਕ ਹੁੰਦਾ ਹੈ? 
ਅਜਿਹਾ ਨਹੀਂ ਹੈ। ਇਸ ਨੂੰ ਨਾਂ ਜ਼ਰੂਰ ਐਂਟਰਟੇਨਮੈਂਟ ਦਾ ਦਿੱਤਾ ਗਿਆ ਹੈ ਪਰ ਹਕੀਕਤ ਵਿਚ ਇਹ ਮੁਕਾਬਲਾ ਪ੍ਰੋਫੈਸ਼ਨਲ ਹੁੰਦਾ ਹੈ। ਸੱਟ ਵੀ ਲੱਗਦੀ ਹੈ ਪਰ ਸੱਟ ਤੋਂ ਕਿਵੇਂ ਬਚਣਾ ਹੈ, ਇਸ ਦੇ ਦਾਅ-ਪੇਚ ਵੀ ਸਿਖਾਏ ਜਾਂਦੇ ਹਨ। ਗੇਮ ਪੂਰੀ ਤਰ੍ਹਾਂ ਨਾਲ ਪ੍ਰੋਫੈਸ਼ਨਲ ਹੈ ਤੇ ਇਸ ਨੂੰ ਸਿੱਖਣ ਵਿਚ ਕਈ ਸਾਲ ਲੱਗ ਜਾਂਦੇ ਹਨ।