ਤਾਈ ਜੂ ਨੇ ਤੋੜਿਆ ਸਾਇਨਾ ਦਾ ਸੁਪਨਾ

01/29/2018 12:39:43 AM

ਜਕਾਰਤਾ— ਆਪਣੇ ਗੋਡੇ ਦੀ ਸੱਟ ਤੋਂ ਉੱਭਰਨ ਤੋਂ ਬਾਅਦ ਇਕ ਸਾਲ ਬਾਅਦ ਕਿਸੇ ਕੌਮਾਂਤਰੀ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ 'ਚ ਖੇਡ ਰਹੀ ਭਾਰਤੀ ਸਟਾਰ ਸਾਇਨਾ ਨੇਹਵਾਲ ਦਾ ਖਿਤਾਬ ਜਿੱਤਣ ਦਾ ਸੁਪਨਾ ਵਿਸ਼ਵ ਦੀ ਨੰਬਰ ਇਕ ਖਿਡਾਰਨ ਤਾਈ ਜੂ ਯਿੰਗ ਨਾਲ ਐਤਵਾਰ ਨੂੰ ਟਕਰਾ ਕੇ ਟੁੱਟ ਗਿਆ।
ਚੀਨੀ ਤਾਈਪੇ ਦੀ ਤਾਈ ਜੂ ਯਿੰਗ ਵਿਰੁੱਧ ਸਾਇਨਾ ਨੂੰ ਸਿਰਫ 27 ਮਿੰਟ ਵਿਚ 9-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਇਨਾ ਦੀ ਤਾਈ ਜੂ ਯਿੰਗ ਹੱਥੋਂ ਇਹ ਲਗਾਤਾਰ 7ਵੀਂ ਹਾਰ ਹੈ। ਤਾਈਪੇ ਦੀ ਖਿਡਾਰਨ ਨੇ ਇਸ ਜਿੱਤ ਨਾਲ ਸਾਇਨਾ ਵਿਰੁੱਧ ਆਪਣਾ ਰਿਕਾਰਡ 9-5 ਕਰ ਲਿਆ ਹੈ। 
ਤਾਈ ਜੂ ਇਸ ਤਰ੍ਹਾਂ ਵਿਸ਼ਵ ਦੀ 12ਵੇਂ ਨੰਬਰ ਦੀ ਭਾਰਤੀ ਖਿਡਾਰਨ ਨੂੰ ਪਿਛਲੇ 10 ਮੁਕਾਬਲਿਆਂ 'ਚ 9 ਵਾਰ ਹਰਾ ਚੁੱਕੀ ਹੈ। ਓਲੰਪਿਕ ਚਾਂਦੀ ਤਮਗਾ ਜੇਤੂ ਤੇ ਹਮਵਤਨ ਪੀ. ਵੀ. ਸਿੰਧੂ ਨੂੰ ਇਸ ਟੂਰਨਾਮੈਂਟ 'ਚ ਹਰਾ ਚੁੱਕੀ ਸਾਇਨਾ ਕੋਲ ਤਾਈ ਜੂ ਦੀ ਸਰਵਿਸ, ਸਮੈਸ਼ ਤੇ ਡਰਾਪ ਦਾ ਕੋਈ ਜਵਾਬ ਨਹੀਂ ਸੀ। ਭਾਰਤੀ ਖਿਡਾਰਨ ਨੇ ਕਈ ਬੇਜਾਂ ਭੁੱਲਾਂ ਵੀ ਕੀਤੀਆਂ, ਜਿਸ ਦਾ ਉਸ ਨੂੰ ਨੁਕਸਾਨ ਚੁੱਕਣਾ ਪਿਆ।