T20 : ਭਾਰਤ ਨੇ ਵਿੰਡੀਜ਼ ਨੂੰ 5 ਵਿਕਟਾਂ ਨਾਲ ਹਰਾਇਆ

11/04/2018 10:53:42 PM

ਕੋਲਕਾਤਾ- ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ (13 ਦੌੜਾਂ 'ਤੇ 3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਤੇ ਵਿਕਟਕੀਪਰ ਦਿਨੇਸ਼ ਕਾਰਤਿਕ ਦੀ ਅਜੇਤੂ 31 ਦੌੜਾਂ ਦੀ ਬੇਸ਼ਕੀਮਤੀ ਪਾਰੀ ਦੇ ਦਮ 'ਤੇ ਭਾਰਤ ਨੇ ਵਿੰਡੀਜ਼ ਨੂੰ ਪਹਿਲੇ ਟੀ-20 ਕੌਮਾਂਤਰੀ ਮੁਕਾਬਲੇ ਵਿਚ ਐਤਵਾਰ ਨੂੰ ਈਡਨ ਗਾਰਡਨ ਵਿਚ 5 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ। 
ਭਾਰਤ ਨੇ ਵਿੰਡੀਜ਼ ਨੂੰ 8 ਵਿਕਟਾਂ 'ਤੇ 109 ਦੌੜਾਂ 'ਤੇ ਰੋਕ ਲਿਆ ਸੀ ਪਰ ਛੋਟੇ ਟੀਚੇ ਦਾ ਪਿੱਛਾ ਕਰਦਿਆਂ ਆਪਣੀਆਂ 4 ਵਿਕਟਾਂ ਸਿਰਫ 45 ਦੌੜਾਂ 'ਤੇ ਗੁਆ ਦਿੱਤੀਆਂ। ਅਜਿਹੀ ਨਾਜ਼ੁਕ ਸਥਿਤੀ ਵਿਚ ਕਾਰਤਿਕ ਨੇ ਮੋਰਚਾ ਸੰਭਾਲਿਆ ਤੇ 34 ਗੇਂਦਾਂ ਵਿਚ 3 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 31 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦੀ ਮੰਜ਼ਿਲ 'ਤੇ ਪਹੁੰਚਾਇਆ। ਭਾਰਤ ਨੇ 17.5 ਓਵਰਾਂ ਵਿਚ 5 ਵਿਕਟਾਂ 'ਤੇ 110 ਦੌੜਾਂ ਬਣਾਈਆਂ। ਰੋਹਿਤ ਦੀ ਕਪਤਾਨੀ ਵਿਚ 10 ਮੈਚਾਂ ਵਿਚ ਇਹ 9ਵੀਂ ਜਿੱਤ ਹੈ।
ਆਪਣਾ ਡੈਬਿਊ ਮੈਚ ਖੇਡ ਰਹੇ ਕੁਣਾਲ ਪੰਡਯਾ ਨੇ ਗੇਂਦਬਾਜ਼ੀ ਵਿਚ ਚੰਗੇ ਹੱਥ ਦਿਖਾਉਣ  ਤੋਂ ਬਾਅਦ ਬੱਲੇਬਾਜ਼ੀ ਵਿਚ ਵੀ ਵਧੀਆ ਹੱਥ ਦਿਖਾਉਂਦਿਆਂ ਸਿਰਫ 9 ਗੇਂਦਾਂ 'ਤੇ 3 ਸ਼ਾਨਦਾਰ ਚੌਕੇ ਲਾ ਕੇ ਅਜੇਤੂ 21 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਭਾਰਤ ਵਿਰੁੱਧ ਵੈਸਟਇੰਡੀਜ਼ ਦਾ ਸਭ ਤੋਂ ਘੱਟ ਸਕੋਰ 7 ਵਿਕਟਾਂ 'ਤੇ 129 ਦੌੜਾਂ ਸੀ, ਜਿਹੜਾ ਉਸ ਨੇ ਮਾਰਚ 2014 ਵਿਚ ਢਾਕਾ ਵਿਚ ਬਣਾਇਆ ਸੀ। 
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਈਡਨ ਗਾਰਡਨ ਮੈਦਾਨ 'ਤੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਰੋਹਿਤ ਦਾ ਇਹ ਫੈਸਲਾ ਸਹੀ ਰਿਹਾ ਤੇ ਭਾਰਤੀ ਗੇਂਦਬਾਜ਼ਾਂ ਨੇ ਕੈਰੇਬੀਆਈ ਬੱਲੇਬਾਜ਼ਾਂ ਨੂੰ ਲਗਾਤਾਰ ਬੰਨ੍ਹ ਕੇ ਰੱਖਿਆ। 
ਵੈਸਟਇੰਡੀਜ਼ ਨੇ ਇਕ ਸਮੇਂ ਆਪਣੀਆਂ 7 ਵਿਕਟਾਂ ਸਿਰਫ 63 ਦੌੜਾਂ ਤੱਕ ਗੁਆ ਦਿੱਤੀਆਂ ਸਨ। ਅੱਠਵੇਂ ਨੰਬਰ ਦੇ ਬੱਲੇਬਾਜ਼ ਫੇਬੀਅਨ ਐਲਨ ਨੇ 20 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 27 ਦੌੜਾਂ ਦੀ ਸਾਹਸੀ ਪਾਰੀ ਖੇਡੀ ਤੇ ਆਪਣੀ ਟੀਮ ਨੂੰ 100 ਦੇ ਪਾਰ ਪਹੁੰਚਾਇਆ। ਕੀਮੋ ਪੌਲ ਨੇ 13 ਗੇਂਦਾਂ 'ਤੇ 2 ਚੌਕਿਆਂ ਦੀ ਮਦਦ ਨਾਲ ਅਜੇਤੂ 15 ਦੌੜਾਂ ਬਣਾਈਆਂ। 
ਚੋਟੀਕ੍ਰਮ ਵਿਚ ਸ਼ਾਈ ਹੋਪ 14 ਦੌੜਾਂ ਬਣਾ ਕੇ ਆਊਟ ਹੋ ਗਿਆ। ਸ਼ਿਮਰੋਨ ਹੈੱਟਮਾਇਰ 10 ਦੌੜਾਂ ਹੀ ਬਣਾ ਸਕਿਆ। ਆਈ. ਪੀ. ਐੱਲ. ਦਾ ਮਹਾਰਥੀ ਕੀਰੋਨ ਪੋਲਾਰਡ 14 ਦੌੜਾਂ ਬਣਾ ਕੇ ਆਊਟ ਹੋਇਆ। ਡੈਰੇਨ ਬ੍ਰਾਵੋ 5 ਤੇ ਰੋਵਮੈਨ ਪਾਵੈੱਲ 4 ਦੌੜਾਂ ਹੀ ਬਣਾ ਸਕੇ। ਕਪਤਾਨ ਕਾਰਲੋਸ ਬ੍ਰੈੱਥਵੇਟ ਨੇ ਵੀ 4 ਦੌੜਾਂ ਬਣਾਈਆਂ।
ਕੁਲਦੀਪ ਨੇ ਬ੍ਰਾਵੋ, ਪਾਵੈੱਲ ਤੇ ਬ੍ਰੈਥਵੇਟ ਦੀਆਂ ਵਿਕਟਾਂ ਲੈ ਕੇ ਵਿੰਡੀਜ਼ ਦੇ ਮੱਧਕ੍ਰਮ ਨੂੰ ਢਹਿ-ਢੇਰੀ ਕਰ ਦਿੱਤਾ। ਕੁਲਦੀਪ ਦੀਆਂ 3 ਵਿਕਟਾਂ ਤੋਂ ਇਲਾਵਾ ਉਮੇਸ਼ ਯਾਦਵ ਨੇ 36 ਦੌੜਾਂ 'ਤੇ ਇਕ ਵਿਕਟ, ਡੈਬਿਊ ਮੈਚ ਖੇਡ ਰਹੇ ਖਲੀਲ ਅਹਿਮਦ ਨੇ 16 ਦੌੜਾਂ 'ਤੇ ਇਕ ਵਿਕਟ, ਜਸਪ੍ਰੀਤ ਬੁਮਰਾਹ ਨੇ 27 ਦੌੜਾਂ 'ਤੇ ਇਕ ਵਿਕਟ ਤੇ ਡੈਬਿਊ ਮੈਚ ਖੇਡ ਰਹੇ ਕੁਣਾਲ ਪੰਡਯਾ ਨੇ 15 ਦੌੜਾਂ 'ਤੇ ਇਕ ਹਾਸਲ ਕੀਤੀ।