ਸੋਨ ਤਮਗਾ ਜਿੱਤਣ ਵਾਲੀ ਸਵਪਨਾ ਨੂੰ ਉਸ ਦੇ ਬੀਮਾਰ ਪਿਤਾ ਨੇ ਕਿਹਾ- ਜਾਓ, ਦੁਨੀਆ ਜਿੱਤ ਲਵੋ

07/11/2017 6:10:23 PM

ਜਲਪਾਈਗੁੜੀ— ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਹੈਪਟਾਥਲੀਟ ਸਵਪਨਾ ਬਰਮਨ ਦੇ ਪਿਤਾ ਪੰਚਾਨਨ ਉਦੋਂ ਤੋਂ ਬੀਮਾਰੀ ਕਾਰਨ ਮੰਜੇ 'ਤੇ ਹਨ, ਜਦੋਂ ਉਹ ਬਹੁਤ ਛੋਟੀ ਸੀ ਪਰ ਇਸ ਦੇ ਬਾਵਜੂਦ ਆਪਣੀ ਬੇਟੀ ਨੂੰ ਸਿਖਰ 'ਤੇ ਦੇਖਣ ਦਾ ਉਨ੍ਹਾਂ ਦਾ ਸੁਪਨਾ ਨਹੀਂ ਟੁੱਟਿਆ। ਉਹ ਹਮੇਸ਼ਾ ਤੋਂ ਆਪਣੀ ਬੇਟੀ ਨੂੰ ਦੁਨੀਆ ਜਿੱਤਦੇ ਦੇਖਣਾ ਚਾਹੁੰਦੇ ਹਨ।

ਉਨ੍ਹਾਂ ਰੋਣ ਵਰਗੀ ਆਵਾਜ਼ 'ਚ ਕਿਹਾ, ਅਸੀਂ ਉਸ ਨੂੰ ਓਨੀ ਪੋਸ਼ਕ ਖੁਰਾਕ ਨਹੀਂ ਦੇ ਸਕੇ ਜਿਸ ਦੀ ਇਕ ਖਿਡਾਰਨ ਨੂੰ ਜ਼ਰੂਰਤ ਹੁੰਦੀ ਹੈ। ਮੈਂ ਉਮੀਦ ਕਰਦਾ ਹਾਂ ਕਿ ਉਹ ਵਿਸ਼ਵ ਚੈਂਪੀਅਨ ਬਣੇਗੀ ਅਤੇ ਦੁਨੀਆ ਜਿੱਤ ਲਵੇਗੀ। ਪਰਿਵਾਰ ਦੇ ਲਈ ਇਕੱਲੇ ਕਮਾਉਣ ਵਾਲੇ ਪੰਚਾਨਨ ਰਿਕਸ਼ਾ ਚਲਾਉਂਦੇ ਸਨ ਪਰ ਕਈ ਸਾਲਾਂ ਪਹਿਲੇ ਲਕਵਾ ਮਾਰੇ ਜਾਣ ਨਾਲ ਮੰਜੇ 'ਤੇ ਹਨ।

ਸਵਪਨਾ ਦੀ ਮਾਂ ਬਾਸਾਨਾ ਨੇ ਕਿਹਾ, ''ਅਸੀਂ ਕਦੀ ਨਹੀਂ ਸੋਚਿਆ ਸੀ ਕਿ ਸਾਡੀ ਬੇਟੀ ਇੱਥੋਂ ਤੱਕ ਪਹੁੰਚੇਗੀ। ਉਹ ਪੜ੍ਹਾਈ ਅਤੇ ਖੇਡਾਂ 'ਚ ਬਹੁਤ ਕੁਸ਼ਲ ਹੈ। ਉਮੀਦ ਹੈ ਕਿ ਉਹ ਅੱਗੇ ਜਾਵੇਗੀ ਅਤੇ ਉਸ ਨੂੰ ਨੌਕਰੀ ਮਿਲੇਗੀ।'' ਬਾਸਾਨਾ ਚਾਹ ਦੇ ਬਾਗਾਨ 'ਚ ਕੰਮ ਕਰਦੀ ਸੀ। ਉਹ ਅਭਿਆਸ ਦੇ ਲਈ ਸਵਪਨਾ ਨੂੰ ਸਾਈਕਲ ਰਾਹੀਂ ਛੱਡਣ ਜਾਂਦੀ ਸੀ। ਸਵਪਨਾ ਦੇ ਸਕੂਲ ਦੇ ਖੇਡ ਟ੍ਰੇਨਰ ਬਿਸ਼ਵਜੀਤ ਮਜੂਮਦਾਰ ਨੇ ਕਿਹਾ ਕਿ 2006 ਤੋਂ ਮੈਂ ਉਸ ਦਾ ਖੇਡ ਟ੍ਰੇਨਰ ਹਾਂ। ਸਕੂਲ ਨੂੰ ਉਸ 'ਤੇ ਮਾਣ ਹੈ। ਉਮੀਦ ਹੈ ਕਿ ਉਹ ਓਲੰਪਿਕ ਤਮਗਾ ਜਿੱਤੇਗੀ।