ਸੁਸ਼ੀਲ ਦਾ ਮੁਕਾਬਲਾ ਬਲਾਕ, ਸਾਕਸ਼ੀ ਨੇ ਮੁੰਬਈ ਨੂੰ ਜਿਤਾਇਆ

01/10/2018 3:40:35 AM

ਨਵੀਂ ਦਿੱਲੀ— ਦੋ ਵਾਰ ਦਾ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਆਪਣਾ ਮੁਕਾਬਲਾ ਬਲਾਕ ਕਰ ਦਿੱਤੇ ਜਾਣ ਕਾਰਨ ਪ੍ਰੋ ਰੈਸਲਿੰਗ ਲੀਗ ਵਿਚ ਡੈਬਿਊ ਨਹੀਂ ਕਰ ਸਕਿਆ, ਜਦਕਿ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਆਪਣਾ ਮੁਕਾਬਲਾ ਆਸਾਨੀ ਨਾਲ ਜਿੱਤਦੇ ਹੋਏ ਮੁੰਬਈ ਮਹਾਰਥੀ ਨੂੰ ਦਿੱਲੀ ਸੁਲਤਾਨਸ ਵਿਰੁੱਧ ਮੰਗਲਵਾਰ 5-2 ਨਾਲ ਜਿੱਤ ਦਿਵਾ ਦਿੱਤੀ। ਸੁਸ਼ੀਲ ਪਿਛਲੇ ਦੋ ਸਾਲ ਕੁਸ਼ਤੀ ਲੀਗ 'ਚ ਨਹੀਂ ਖੇਡਿਆ ਸੀ। ਉਹ ਲੀਗ ਦੇ ਤੀਜੇ ਸੈਸ਼ਨ ਵਿਚ ਖੇਡਣ ਜਾ ਰਿਹਾ ਸੀ ਪਰ ਸਿਰੀਫੋਰਟ ਸਟੇਡੀਅਮ ਵਿਚ ਦਰਸ਼ਕਾਂ ਦੀ ਉਸ ਦਾ ਮੁਕਾਬਲਾ ਦੇਖਣ ਦੀ ਹਸਰਤ ਪੂਰੀ ਨਹੀਂ ਹੋ ਸਕੀ।
ਮੁੰਬਈ ਮਹਾਰਥੀ ਨੇ ਸੁਸ਼ੀਲ ਦੇ 74 ਕਿਲੋਗ੍ਰਾਮ ਭਾਰ ਵਰਗ ਦਾ ਮੁਕਾਬਲਾ ਬਲਾਕ ਕਰ ਦਿੱਤਾ। ਸੁਸ਼ੀਲ ਹਾਲਾਂਕਿ ਚਾਰ ਮੈਚ ਹੋ ਜਾਣ ਤੋਂ ਬਾਅਦ ਮੈਟ 'ਤੇ ਆਇਆ ਤੇ ਦਰਸ਼ਕਾਂ ਨੇ ਆਪਣੀ ਜਗ੍ਹਾ ਖੜ੍ਹੇ ਹੋ ਕੇ ਇਸ ਧਾਕੜ ਪਹਿਲਵਾਨ ਦਾ ਸਵਾਗਤ ਕੀਤਾ ਪਰ ਦਿੱਲੀ ਦੀ ਟੀਮ ਆਪਣੇ ਸੁਲਤਾਨ ਤੋਂ ਪ੍ਰੇਰਣਾ ਨਹੀਂ ਲੈ ਸਕੀ ਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਦਿੱਲੀ ਨੂੰ ਆਪਣੇ ਆਈਕਨ ਤੇ ਇਸ ਲੀਗ ਦੇ ਸਭ ਤੋਂ ਮਹਿੰਗੇ ਖਿਡਾਰੀ ਸੁਸ਼ੀਲ ਦੇ ਮੈਟ 'ਤੇ ਨਾ ਉਤਰਨ ਦਾ ਨੁਕਸਾਨ ਝੱਲਣਾ ਪਿਆ ਤੇ ਮੁੰਬਈ ਨੇ ਛੇ ਮੈਚਾਂ ਤਕ 4-2 ਦੀ ਅਜੇਤੂ ਬੜ੍ਹਤ ਬਣਾ ਲਈ। ਮੁੰਬਈ ਲਈ ਸਟਾਰ ਖਿਡਾਰਨ ਸਾਕਸ਼ੀ ਮਲਿਕ ਨੇ 62 ਕਿ. ਗ੍ਰਾ. ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਿੱਲੀ ਦੀ ਮੋਨੀਆ ਨੂੰ ਸਿਰਫ 45 ਮਿੰਟ ਵਿਚ ਹੀ 18-2 ਨਾਲ ਹਰਾ ਕੇ ਮੁੰਬਈ ਨੂੰ 4-2 ਨਾਲ ਅੱਗੇ ਕਰ ਦਿੱਤਾ। 


ਸਾਕਸ਼ੀ ਦਾ ਇਸ ਮੁਕਾਬਲੇ ਦਾ ਛੇਵਾਂ ਮੈਚ ਸੀ ਤੇ ਮੁੰਬਈ ਕੋਲ ਅਜੇਤੂ ਬੜ੍ਹਤ ਆ ਗਈ। ਇਸ ਤੋਂ ਪਹਿਲਾਂ ਪੰਜ ਮੈਚਾਂ ਵਿਚ ਮੁੰਬਈ ਲਈ ਸੀਮਾ ਨੇ 50 ਕਿ. ਗ੍ਰਾ. 'ਚ, ਵੇਸਕੇਨ ਸਿੰਥੀਆ ਨੇ 76 ਕਿ. ਗ੍ਰਾ. ਤੇ ਸਤਿੰਦਰ ਮਲਿਕ ਨੇ 125 ਕਿ. ਗ੍ਰਾ. ਵਿਚ ਆਪਣੇ-ਆਪਣੇ ਮੁਕਾਬਲੇ ਜਿੱਤੇ।  ਸੀਮਾ ਨੇ ਮੈਰੋਈ ਮੇਜੀਏਨ ਨੂੰ 5-1 ਨਾਲ, ਸਿੰਥੀਆ ਨੇ ਸਾਮੇਰਮਰ ਇਬ੍ਰਾਹਿਮ ਹਮਜਾ ਨੂੰ 12-1 ਨਾਲ, ਸਤਿੰਦਰ ਨੇ ਹਿਤੇਂਦਰ ਨੂੰ 7-6 ਨਾਲ ਨਾਲ ਹਰਾਇਆ। ਦਿੱਲੀ ਲਈ ਸੰਦੀਪ ਤੋਮਰ ਨੇ 57 ਕਿ. ਗ੍ਰਾ. ਵਿਚ ਆਂਦ੍ਰੇਈ ਯਾਤਸੇਂਕੋ ਨੂੰ 14-9 ਨਾਲ ਅਤੇ ਅਲਬੋਰੇਵ ਅਸਲਾਨ ਨੇ ਸਤਿਆਵ੍ਰਤ ਕਾਦਿਆਨ ਨੂੰ 92 ਕਿ. ਗ੍ਰਾ. ਭਾਰ ਵਰਗ 'ਚ 15-2 ਨਾਲ ਹਰਾਇਆ।