ਲਾਲਚ ਦਾ ਕੋਈ ਇਲਾਜ ਨਹੀਂ ਤੇ ਨਾ ਹੀ ਫਿਕਸਿੰਗ ''ਤੇ ਕਾਬੂ ਪਾਇਆ ਜਾ ਸਕਦੈ : ਗਾਵਸਕਰ

09/23/2019 3:41:01 PM

ਨਵੀਂ ਦਿੱਲੀ : ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਕ੍ਰਿਕਟ ਵਿਚ ਮੈਚ ਫਿਕਸਿੰਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਮੁਸ਼ਕਲ ਹੈ ਕਿਉਂਕਿ ਹਮੇਸ਼ਾ ਕੋਈ ਨਾ ਕੋਈ ਲਾਲਚ ਵਿਚ ਅਜਿਹਾ ਕਰਨ ਲਈ ਤਿਆਰ ਰਹੇਗਾ, ਜਿਸਦਾ ਕੋਈ ਇਲਾਜ ਨਹੀਂ ਹੈ। ਤਾਮਿਲਨਾਡੂ ਪ੍ਰੀਮੀਅਰ ਲੀਗ ਨਾਲ ਜੁੜੇ ਖਿਡਾਰੀਆਂ ਅਤੇ ਅਧਿਕਾਰੀਆਂ 'ਤੇ ਮੈਚ ਫਿਕਸਿੰਗ ਵਿਚ ਸ਼ਾਮਲ ਹੋਣ ਦੇ ਦੋਸ਼ ਲੱਗਣ ਤੋਂ ਬਾਅਦ ਗਾਵਸਕਰ ਨੇ ਇਹ ਬਿਆਨ ਦਿੱਤਾ। ਇਸ ਮਾਮਲੇ ਵਿਚ ਜਾਂਚ ਚੱਲ ਰਹੀ ਹੈ।

ਇਕ ਸਪੋਰਟਸ ਵੈਬਸਾਈਟ ਨੇ ਗਾਵਸਕਰ ਦੇ ਹਵਾਲੇ ਤੋਂ ਕਿਹਾ, ''ਲਾਲਚ ਅਜਿਹੀ ਚੀਜ਼ ਹੈ ਜਿਸ ਵਿਚ ਸਿੱਖਿਆ, ਮਾਰਗਦਰਸ਼ਨ, ਭ੍ਰਿਸ਼ਟਾਚਾਰ ਰੋਕਣ ਵਾਲੇ ਲੋਕ ਦੇ ਨਾਲ ਕਿੰਨੇ ਵੀ ਸੈਮੀਨਾਰ ਕੋਈ ਮਦਦ ਨਹੀਂ ਕਰਨ ਵਾਲੇ। ਲਾਲਚ ਮਨੁੱਖੀ ਚੀਜ਼ ਹੈ। ਸਰਵਸ੍ਰੇਸ਼ਠ ਸਮਾਜ, ਸਭ ਤੋਂ ਵਿਕਸਿਤ ਸਮਾਜ ਵਿਚ ਵੀ ਅਪਰਾਧੀ ਹੁੰਦੇ ਹਨ। ਕ੍ਰਿਕਟ ਵਿਚ ਵੀ ਹਮੇਸ਼ਾ ਅਜਿਹੇ ਲੋਕ ਰਹਿਣਗੇ ਜੋ ਲਾਲਚ ਨਾਲ ਪ੍ਰਭਾਵਿਤ ਹੋ ਜਾਣਗੇ। ਕੋਈ ਨਾ ਕੋਈ ਕਾਰਨ ਉਨ੍ਹਾਂ ਨੂੰ ਕੁਝ ਕਰਨ ਲਈ ਮਜ਼ਬੂਰ ਕਰ ਸਕਦਾ ਹੈ। ਮੈਨੂੰ ਨਹੀਂ ਲਗਦਾ ਕਿ ਇਹ ਅਜਿਹੀ ਚੀਜ਼ ਹੈ ਜਿਸ 'ਤੇ ਤੁਸੀਂ ਪੂਰੀ ਤਰ੍ਹਾਂ ਕਾਬੂ ਪਾ ਸਕਦੇ ਹੋ।''