ਵਿਸ਼ਵ ਕੱਪ 'ਚ ਪਾਕਿ ਨਾਲ ਨਾ ਖੇਡ ਕੇ ਭਾਰਤ ਨੂੰ ਹੋਵੇਗਾ ਨੁਕਸਾਨ : ਗਾਵਸਕਰ

02/21/2019 5:21:07 PM

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਆਗਾਮੀ ਵਿਸ਼ਵ ਕੱਪ 'ਚ ਪਾਕਿਸਤਾਨ ਦਾ ਬਾਈਕਾਟ ਕਰਕੇ ਭਾਰਤ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਦੋ ਪੱਖੀ ਸੀਰੀਜ਼ 'ਚ ਖੇਡਣ ਤੋਂ ਇਨਕਾਰ ਕਰਨ ਦੀ ਨੀਤੀ ਜਾਰੀ ਰਖਦੇ ਹੋਏ ਭਾਰਤ ਆਪਣੇ ਇਸ ਰਵਾਇਤੀ ਮੁਕਾਬਲੇਬਾਜ਼ ਦੀ ਪਰੇਸ਼ਾਨੀ ਵਧਾ ਸਕਦਾ ਹੈ। ਪਿਛਲੇ ਹਫਤੇ ਪੁਲਵਾਮਾ 'ਚ ਅੱਤਵਾਦੀ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਤੋਂ ਜ਼ਿਆਦਾ ਜਵਾਨਾਂ ਦੀ ਮੌਤ ਦੇ ਬਾਅਦ ਭਾਰਤੀ ਸਪਿਨਰ ਹਰਭਜਨ ਸਿੰਘ ਦੀ ਅਗਵਾਈ 'ਚ ਪਾਕਿਸਤਾਨ ਨਾਲ ਪੂਰੇ ਕ੍ਰਿਕਟ ਬਾਈਕਾਟ ਦੀ ਮੰਗ ਜ਼ੋਰ ਫੜ ਰਹੀ ਹੈ। ਭਾਰਤ ਨੂੰ ਪਾਕਿਸਤਾਨ ਦੇ ਖਿਲਾਫ 16 ਜੂਨ ਨੂੰ ਵਿਸ਼ਵ ਕੱਪ ਦਾ ਰਾਊਂਡ ਰੋਬਿਨ ਮੈਚ ਖੇਡਣਾ ਹੈ। 

ਭਾਰਤ ਪਾਕਿਸਤਾਨ ਦੀ ਵਰਲਡ ਕੱਪ 'ਚ ਜਿੱਤ ਦੀ ਮੁਹਿੰਮ 'ਤੇ ਲਾ ਸਕਦੈ ਰੋਕ

ਗਾਵਸਕਰ ਨੇ ਪੱਤਰਕਾਰਾਂ ਨੂੰ ਕਿਹਾ, ''ਭਾਰਤ ਜੇਕਰ ਵਿਸ਼ਵ ਕੱਪ 'ਚ ਪਾਕਿਸਤਾਨ ਦੇ ਖਿਲਾਫ ਨਹੀਂ ਖੇਡਣ ਦਾ ਫੈਸਲਾ ਕਰਦਾ ਹੈ ਤਾਂ ਕੌਣ ਜਿੱਤੇਗਾ? ਪਾਕਿਸਤਾਨ ਜਿੱਤੇਗਾ ਕਿਉਂਕਿ ਉਸ ਨੂੰ ਦੋ ਅੰਕ ਮਿਲਣਗੇ। ਉਨ੍ਹਾਂ ਕਿਹਾ, ਭਾਰਤ ਨੇ ਅਜੇ ਤਕ ਵਿਸ਼ਵ ਕੱਪ ਹਰ ਵਾਰ ਪਾਕਿਸਤਾਨ ਨੂੰ ਹਰਾਇਆ ਹੈ ਇਸ ਲਈ ਅਸੀਂ ਅਸਲ 'ਚ ਦੋ ਅੰਕ ਗੁਆ ਰਹੇ ਹਾਂ ਜਦਕਿ ਪਾਕਿਸਤਾਨ ਨੂੰ ਹਰਾ ਕੇ ਅਸੀਂ ਇਹ ਯਕੀਨੀ ਕਰ ਸਕਦੇ ਹਾਂ ਕਿ ਉਹ ਪ੍ਰਤੀਯੋਗਿਤਾ 'ਚ ਅੱਗੇ ਨਾ ਵੱਧ ਸਕੇ। ਇਸ ਸਾਬਕਾ ਕਪਤਾਨ ਨੇ ਕਿਹਾ, ਪਰ ਮੈਂ ਦੇਸ਼ ਦੇ ਨਾਲ ਹਾਂ, ਸਰਕਾਰ ਜੋ ਵੀ ਫੈਸਲਾ ਕਰੇਗੀ, ਮੈਂ ਪੂਰੀ ਤਰ੍ਹਾਂ ਉਸ ਦੇ ਨਾਲ ਹਾਂ। ਜੇਕਰ ਦੇਸ਼ ਚਾਹੁੰਦਾ ਹੈ ਕਿ ਅਸੀਂ ਪਾਕਿਸਤਾਨ ਦੇ ਨਾਲ ਨਹੀਂ ਖੇਡੀਏ ਤਾਂ ਮੈਂ ਉਨ੍ਹਾਂ ਦੇ ਨਾਲ ਹਾਂ। ਭਾਰਤ ਅਤੇ ਪਾਕਿਸਤਾਨ ਵਿਚਾਲੇ 2012 ਤੋਂ ਕੋਈ ਵੀ ਦੋ ਪੱਖੀ ਕ੍ਰਿਕਟ ਨਹੀਂ ਹੋਇਆ ਹੈ ਅਤੇ ਦੋਹਾਂ ਦੇਸ਼ਾਂ ਵਿਚਾਲੇ ਪਿਛਲੀ ਪੂਰੀ ਸੀਰੀਜ਼ 2007 'ਚ ਖੇਡੀ ਗਈ ਸੀ।

ਦੋ ਪੱਖੀ ਸੀਰੀਜ਼ 'ਤੇ ਰੋਕ ਤਰਕਸੰਗਤ

ਗਾਵਸਕਰ ਨੇ ਕਿਹਾ, ''ਪਾਕਿਸਤਾਨ ਨੂੰ ਕਿੱਥੇ ਨੁਕਸਾਨ ਹੋਵੇਗਾ? ਉਸ ਨੂੰ ਦੁਖ ਉਦੋਂ ਹੋਵੇਗਾ ਜਦੋਂ ਉਹ ਭਾਰਤ ਖਿਲਾਫ ਦੋ ਪੱਖੀ ਸੀਰੀਜ ਨਹੀਂ ਖੇਡੇਗਾ। ਕਈ ਟੀਮਾਂ ਵਾਲੀ ਪ੍ਰਤੀਯੋਗਿਤਾ 'ਚ ਭਾਰਤ ਨੂੰ ਉਸ ਦੇ ਖਿਲਾਫ ਨਾ ਖੇਡਣ ਦਾ ਨੁਕਸਾਨ ਹੋਵੇਗਾ। ਇਸ ਪੂਰੇ ਮਾਮਲੇ ਨੂੰ ਥੋੜ੍ਹੀ ਹੋਰ ਡੁੰਘਾਈ ਨਾਲ ਦੇਖੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ, ਜੇਕਰ ਤੁਸੀਂ ਉਸ ਨਾਲ ਨਹੀਂ ਖੇਡੋਗੇ ਤਾਂ ਕੀ ਹੋਵੇਗਾ? ਮੈਨੂੰ ਪਤਾ ਹੈ ਕਿ ਇਹ ਦੋ ਅੰਕ ਗੁਆਉਣ ਦੇ ਬਾਵਜੂਦ ਭਾਰਤੀ ਟੀਮ ਇੰਨੀ ਮਜ਼ਬੂਤ ਹੈ ਕਿ ਕੁਆਲੀਫਾਈ ਕਰ ਲਵੇਗੀ ਪਰ ਆਖ਼ਰ ਕਿਉਂ ਨਾ ਉਸ ਨੂੰ ਹਰਾਇਆ ਜਾਵੇ ਅਤੇ ਯਕੀਨੀ ਬਣਾਇਆ ਜਾ ਸਕੇ ਕਿ ਉਹ ਕੁਆਲੀਫਾਈ ਨਾ ਕਰ ਸਕੇ।

ਇਮਰਾਨ ਨੂੰ ਹਾਂ ਪੱਖੀ ਕਦਮ ਉਠਾਉਣ ਦੀ ਦਿੱਤੀ ਸਲਾਹ

ਗਾਵਸਕਰ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਤੋਂ ਅਪੀਲ ਕੀਤੀ ਕਿ ਉਹ ਭਾਰਤ ਨਾਲ ਸਬੰਧਾਂ ਦੇ ਸੁਧਾਰ ਲਈ ਜ਼ਰੂਰੀ ਕਦਮ ਉਠਾਏ। ਉਨ੍ਹਾਂ ਕਿਹਾ, ਮੈਨੂੰ ਇਮਰਾਨ ਨਾਲ ਸਿੱਧੀ ਗੱਲ ਕਰਨ ਦਵੋ। ਅਜਿਹਾ ਇਨਸਾਨ ਜਿਸ ਦੀ ਮੈਂ ਕਾਫੀ ਸ਼ਲਾਘਾ ਕਰਦਾ ਹਾਂ, ਜਿਸ ਨੂੰ ਮੈਂ ਸਮਝਦਾ ਹਾਂ ਕਿ ਦੋਸਤ ਹੈ। ਮੈਂ ਇਮਰਾਨ ਨੂੰ ਕਹਿੰਦਾ ਹਾਂ ਕਿ ਤੁਸੀਂ ਪਾਕਿਸਤਾਨ ਦੀ ਕਮਾਨ ਸੰਭਾਲੀ ਸੀ ਤਾਂ ਕਿਹਾ ਸੀ ਕਿ ਇਹ ਨਵਾਂ ਪਾਕਿਸਤਾਨ ਹੋਵੇਗਾ। ਗਾਵਸਕਰ ਨੇ ਕਿਹਾ, ਤੁਸੀਂ ਕਿਹਾ ਸੀ ਕਿ ਭਾਰਤ ਨੂੰ ਇਕ ਕਦਮ ਵਧਾਉਣਾ ਚਾਹੀਦਾ ਹੈ ਅਤੇ ਪਾਕਿਸਤਾਨ ਦੋ ਕਦਮ ਉਠਾਵੇਗਾ। ਪਰ ਰਾਜਨੇਤਾ ਨਹੀਂ ਸਗੋਂ ਔਸਤ ਖਿਡਾਰੀ ਦੇ ਰੂਪ 'ਚ ਕਹਿਣਾ ਚਾਹੁੰਦਾ ਹਾਂ ਕਿ ਪਹਿਲਾ ਕਦਮ ਪਾਕਿਸਤਾਨ ਨੂੰ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਰਹੱਦ ਪਾਰੋਂ ਘੁਸਪੈਠ ਨਾ ਹੋਵੇ। ਤੁਹਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਜੋ ਲੋਕ ਪਾਕਿਸਤਾਨ 'ਚ ਹਨ ਅਤੇ ਭਾਰਤ 'ਚ ਸਮੱਸਿਆ ਪੈਦਾ ਕਰ ਰਹੇ ਹਨ, ਉਨ੍ਹਾਂ ਨੂੰ ਸੌਂਪਿਆ ਜਾਵੇ। ਜੇਕਰ ਭਾਰਤ ਨੂੰ ਨਹੀਂ ਤਾਂ ਸੰਯੁਕਤ ਰਾਸ਼ਟਰ ਨੂੰ। ਤੁਸੀਂ ਦੋ ਕਦਮ ਉਠਾਓ ਅਤੇ ਤੁਸੀਂ ਦੇਖੋਗੇ ਕਿ ਭਾਰਤ ਕਈ ਦੋਸਤਾਨਾ ਕਦਮ ਵਧਾਏਗਾ।

 

Tarsem Singh

This news is Content Editor Tarsem Singh