ਸੁਨੀਲ ਸ਼ੇਤਰੀ ਮੇਰੀ ਪ੍ਰੇਰਨਾ : ਸੰਜੂ ਯਾਦਵ

07/11/2019 3:11:30 AM

ਨਵੀਂ ਦਿੱਲੀ— ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਸਟਾਰ ਖਿਡਾਰਨ ਸੰਜੂ ਯਾਦਵ ਨੇ ਕਿਹਾ ਹੈ ਕਿ ਸੀਨੀਅਰ ਪੁਰਸ਼ ਟੀਮ ਦਾ ਖਿਡਾਰੀ ਅਤੇ ਕਪਤਾਨ ਸੁਨੀਲ ਸ਼ੇਤਰੀ ਉਸ ਦੀ ਪ੍ਰੇਰਨਾ ਹੈ।  ਸ਼ੇਤਰੀ ਨੂੰ ਕੱਲ ਹੀ ਛੇਵੀਂ ਵਾਰ ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੈੱਫ. ਐੈੱਫ.) ਦਾ ਸਰਬੋਤਮ ਖਿਡਾਰੀ ਚੁਣਿਆ ਗਿਆ ਸੀ, ਜਦਕਿ ਉਸ ਨੇ ਕੌਮਾਂਤਰੀ ਗੋਲਾਂ ਦੇ ਮਾਮਲੇ 'ਚ ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਿਲ ਮੇਸੀ ਨੂੰ ਪਿੱਛੇ ਛੱਡਿਆ ਹੈ। ਸ਼ੇਤਰੀ ਨੇ ਅਹਿਮਦਾਬਾਦ 'ਚ ਚੱਲ ਰਹੇ ਇੰਟਰ ਕਾਂਟੀਨੈਂਟਲ ਕੱਪ 'ਚ ਤਾਜਿਕਸਤਾਨ ਖਿਲਾਫ ਦੋ ਗੋਲ ਕਰ ਕੇ ਮੇਸੀ ਨੂੰ ਪਿੱਛੇ ਛੱਡਿਆ, ਹਾਲਾਂਕਿ ਭਾਰਤ ਨੂੰ ਇਹ ਮੁਕਾਬਲਾ 2-4 ਨਾਲ ਹਾਰਨਾ ਪਿਆ।


21 ਸਾਲ ਦੀ ਉਮਰ 'ਚ ਸੰਜੂ ਨੇ ਕਰੀਅਰ 'ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਤੇ ਸੀਨੀਅਰ ਮਹਿਲਾ ਟੀਮ ਦੀ ਮੁੱਖ ਖਿਡਾਰਨ  ਹੈ। ਸੰਜੂ ਨੇ ਇਕ ਇੰਟਰਵਿਊ 'ਚ ਮੰਨਿਆ ਕਿ ਉਸ ਨੂੰ ਚੰਗਾ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਸ਼ੇਤਰੀ ਤੋਂ ਮਿਲਦੀ ਹੈ। ਉਸ ਨੇ ਕਿਹਾ, ''ਮੈਂ ਸ਼ੇਤਰੀ ਦੀ ਬਹੁਤ ਵੱਡੀ ਫੈਨ ਹਾਂ। ਮੈਂ ਉਨ੍ਹਾਂ ਨੂੰ ਕਾਫੀ ਘੱਟ ਉਮਰ ਤੋਂ ਹੀ ਖੇਡਦੇ ਦੇਖ ਰਹੀ ਹਾਂ ਤੇ ਹੁਣ ਵੀ ਉਸ ਦੇ ਮੈਚ ਦੇਖਦੀ ਹਾਂ, ਜਿਸ ਜਜ਼ਬੇ ਨਾਲ ਉਹ ਖੇਡਦਾ ਹੈ, ਉਹ ਹੈਰਾਨ ਕਰਨ ਵਾਲਾ ਹੈ।''
ਸੰਜੂ ਨੇ ਨਾਲ ਹੀ ਕਿਹਾ ਕਿ ਸ਼ੇਤਰੀ ਨੇ ਦੇਸ਼ 'ਚ ਫੁੱਟਬਾਲ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਯੋਗਦਾਨ ਦਿੱਤਾ ਹੈ। ਉਸ ਨੇ ਕਿਹਾ, ''ਸ਼ੇਤਰੀ ਨੇ ਭਾਰਤੀ ਫੁੱਟਬਾਲ ਲਈ ਬਹੁਤ ਕੁਝ ਕੀਤਾ ਹੈ। ਉਹ ਲੰਬੇ ਸਮੇਂ ਤੋਂ ਰਾਸ਼ਟਰੀ ਟੀਮ ਲਈ ਖੇਡ ਰਿਹਾ ਹੈ ਅਤੇ ਸਾਡੀ ਪੀੜ੍ਹੀ ਦੇ ਜ਼ਿਆਦਾਤਰ ਲੋਕ ਉਸ ਤੋਂ ਪ੍ਰੇਰਨਾ ਲੈਂਦੇ ਹਨ। ਉਹ ਭਾਰਤੀ ਫੁੱਟਬਾਲ 'ਚ ਕਰੀਅਰ ਬਣਾਉਣ ਵਾਲੇ ਸਾਰੇ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਹੈ।''
ਸੀਨੀਅਰ ਮਹਿਲਾ ਫੁੱਟਬਾਲ ਟੀਮ ਮੌਜੂਦਾ ਸਮੇਂ 'ਚ ਨਵੀਂ ਦਿੱਲੀ ਸਥਿਤ ਕੈਂਪ 'ਚ ਹਿੱਸਾ ਲੈ ਰਹੀ ਹੈ, ਜੋ ਮੁੱਖ ਕੋਚ ਮੇਮਾਲ ਰੌਕੀ ਦੇ ਮਾਰਗਦਰਸ਼ਨ 'ਚ ਚੱਲ ਰਿਹਾ ਹੈ। ਟੀਮ ਸਪੇਨ 'ਚ ਹੋਣ ਵਾਲੇ ਏ. ਐੱਫ. ਸੀ. ਮਹਿਲਾ ਚੈਂਪੀਅਨਸ਼ਿਪ ਕੁਆਲੀਫਾਇਰ ਲਈ ਤਿਆਰੀਆਂ 'ਚ ਜੁਟੀ ਹੈ।

Gurdeep Singh

This news is Content Editor Gurdeep Singh