ਸ਼੍ਰੀਕਾਂਤ ਚਾਈਨਾ ਓਪਨ ਤੋਂ ਹਟਿਆ, ਹੁਣ ਨਜ਼ਰਾਂ ਸਿੰਧੂ-ਸਾਇਨਾ ''ਤੇ

11/12/2017 5:14:58 AM

ਨਵੀਂ ਦਿੱਲੀ— ਇਸ ਸਾਲ ਚਾਰ ਸੁਪਰ ਸੀਰੀਜ਼ ਖਿਤਾਬ ਜਿੱਤ ਚੁੱਕਾ ਵਿਸ਼ਵ ਦਾ ਨੰਬਰ ਦੋ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼ੀਕਾਂਤ 14 ਤੋਂ 19 ਨਵੰਬਰ ਤਕ ਹੋਣ ਵਾਲੇ ਚਾਈਨਾ ਓਪਨ ਸੁਪਰ ਸੀਰੀਜ਼ ਟੂਰਨਾਮੈਂਟ ਤੋਂ ਹਟ ਗਿਆ ਹੈ, ਜਿਸ ਤੋਂ ਬਾਅਦ ਇਸ ਵੱਕਾਰੀ ਟੂਰਨਾਮੈਂਟ ਵਿਚ ਭਾਰਤ ਦੀਆਂ ਉਮੀਦਾਂ ਦਾ ਦਾਰੋਮਦਾਰ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਪੀ. ਵੀ. ਸਿੰਧੂ ਤੇ ਨਵੀਂ ਰਾਸ਼ਟਰੀ ਚੈਂਪੀਅਨ ਸਾਇਨਾ ਨੇਹਵਾਲ 'ਤੇ ਰਹੇਗਾ।
ਟੂਰਨਾਮੈਂਟ ਵਿਚ ਸ਼੍ਰੀਕਾਂਤ ਨੂੰ ਅੱਠਵਾਂ ਦਰਜਾ ਮਿਲਿਆ ਸੀ ਪਰ ਨਾਗਪੁਰ ਵਿਚ ਹੋਈ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੌਰਾਨ ਪੈਰ ਵਿਚ ਸੱਟ ਲੱਗਣ ਕਾਰਨ ਉਸ ਨੇ ਇਸ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ ਹੈ ਤੇ ਹੁਣ ਉਹ ਇਕ ਹਫਤਾ ਆਰਾਮ ਕਰੇਗਾ। 
ਸ਼੍ਰੀਕਾਂਤ ਦੇ ਹਟਣ ਤੋਂ ਬਾਅਦ ਚਾਈਨਾ ਓਪਨ ਦੇ ਪੁਰਸ਼ ਵਰਗ ਵਿਚ ਸਮੀਰ ਵਰਮਾ, ਅਜੇ ਜੈਰਾਮ, ਸੌਰਭ ਵਰਮਾ, ਬੀ. ਸਾਈ ਪ੍ਰਣੀਤ, ਨਵੇਂ ਰਾਸ਼ਟਰੀ ਚੈਂਪੀਅਨ ਐੱਚ. ਐੱਸ. ਪ੍ਰਣਯ ਦੀ ਚੁਣੌਤੀ ਰਹੇਗੀ। 
ਮਹਿਲਾ ਵਰਗ 'ਚ ਟੂਰਨਾਮੈਂਟ ਵਿਚ ਦੂਜਾ ਦਰਜਾ ਪ੍ਰਾਪਤ ਤੇ ਸਾਬਕਾ ਚੈਂਪੀਅਨ ਸਿੰਧੂ ਦਾ ਪਹਿਲਾ ਮੁਕਾਬਲਾ ਜਾਪਾਨ ਦੀ ਸਯਾਕਾ ਸਾਤੋ ਨਾਲ ਹੋਵੇਗਾ। ਸਿੰਧੂ ਦਾ 13ਵੀਂ ਰੈਂਕਿੰਗ ਦੀ ਜਾਪਾਨੀ ਖਿਡਾਰਨ ਵਿਰੁੱਧ 1-1 ਦਾ ਰਿਕਾਰਡ ਹੈ। ਸਿੰਧੂ ਨੇ ਇਸ ਸਾਲ ਆਸਟ੍ਰੇਲੀਅਨ ਓਪਨ 'ਚ ਸਯਾਕਾ ਨੂੰ ਹਰਾਇਆ ਸੀ। 
ਦੂਜੇ ਪਾਸੇ 10 ਸਾਲ ਬਾਅਦ ਰਾਸ਼ਟਰੀ ਚੈਂਪੀਅਨ ਬਣੀ ਸਾਇਨਾ ਸਾਹਮਣੇ ਪਹਿਲੇ ਰਾਊਂਡ ਵਿਚ ਅਮਰੀਕਾ ਦੀ ਬੇਈਵੇਨ ਝਾਂਗ ਦੀ ਚੁਣੌਤੀ ਹੋਵੇਗੀ। ਸਾਇਨਾ ਦਾ ਅਮਰੀਕੀ ਖਿਡਾਰਨ ਵਿਰੁੱਧ 2-0 ਦਾ ਕਰੀਅਰ ਰਿਕਾਰਡ ਹੈ। ਸਾਇਨਾ ਵਿਸ਼ਵ ਰੈਂਕਿੰਗ ਵਿਚ 11ਵੇਂ ਤੇ ਝਾਂਗ 12ਵੇਂ ਸਥਾਨ 'ਤੇ ਹੈ। ਸਾਇਨਾ ਨੇ 2014 'ਚ ਚਾਈਨਾ ਓਪਨ ਦਾ ਖਿਤਾਬ ਜਿੱਤਿਆ ਸੀ। ਉਸੇ ਸਾਲ ਸ਼੍ਰੀਕਾਂਤ ਵੀ ਚੈਂਪੀਅਨ ਬਣਿਆ ਸੀ।