ਸ਼੍ਰੀਕਾਂਤ, ਸਮੀਰ ਜਾਪਾਨ ਓਪਨ ਦੇ ਪਹਿਲੇ ਦੌਰ ''ਚੋਂ ਹੋਏ ਬਾਹਰ

07/24/2019 1:09:58 PM

ਟੋਕੀਓ : ਭਾਰਤੀ ਬੈਡਮਿੰਟਨ ਖਿਡਾਰੀ ਸ਼੍ਰੀਕਾਂਤ ਦਾ ਖਰਾਬ ਪ੍ਰਦਰਸ਼ਨ ਜਾਪਾਨ ਵਿਚ ਵੀ ਜਾਰੀ ਰਿਹਾ ਅਤੇ ਉਸ ਨੂੰ ਪਹਿਲੇ ਦੌਰ ਵਿਚ ਹੀ ਹਮਵਤਨ ਖਿਡਾਰੀ ਐੱਚ. ਐੱਸ. ਪ੍ਰਣਯ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਮੀਰ ਵਰਮਾ ਵੀ ਪਹਿਲੇ ਦੌਰ ਤੋਂ ਅੱਗੇ ਨਹੀਂ ਵੱਧ ਸਕੇ ਅਤੇ ਡੈੱਨਮਾਰਕ ਦੇ ਏਂਡਰਸ ਏਂਟੋਨਸੇਨ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਗਏ। ਗੈਰ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਨੂੰ 46 ਮਿੰਟ ਤੱਕ ਚੱਲੇ ਮੈਚ ਵਿਚ 17-21, 21-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਪ੍ਰਣਯ ਨੇ ਆਪਣੇ ਤੋਂ ਵੱਧ ਰੈਂਕ ਦੇ ਸ਼੍ਰੀਕਾਂਤ ਨੂੰ 13-21, 21-11, 22-20 ਨਾਲ ਹਰਾਇਆ। ਇਹ ਮੈਚ 59 ਮਿੰਟ ਤੱਕ ਚੱਲਿਆ। 8ਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਦਾ ਪ੍ਰਣਯ ਖਾਲਫ ਰਿਕਾਰਡ ਬਿਹਤਰ ਹੈ। ਉਸਨੇ ਪਹਿਲਾ ਸੈੱਟ ਆਸਾਨੀ ਨਾਲ ਆਪਣੇ ਨਾਂ ਕੀਤਾ। ਪ੍ਰਣਯ ਨੇ ਦੂਜੇ ਸੈੱਟ ਵਿਚ ਸ਼ਾਨਦਾਰ ਵਾਪਸੀ ਕੀਤੀ ਅਤੇ ਫਿਰ ਰੋਮਾਂਚਕ ਮੋੜ 'ਤੇ ਪਹੁੰਚੇ ਤੀਜੇ ਅਤੇ ਫੈਸਲਾਕੁੰਨ ਸੈੱਟ ਵਿਚ ਮਹੱਤਵਪੂਰਨ ਮੌਕਿਆਂ 'ਤੇ ਅੰਕ ਬਟੋਰੇ। ਉਹ ਦੂਜੇ ਦੌਰ ਵਿਚ ਡੈੱਨਮਾਰਕ ਦੇ ਰਾਸਮੁਸ ਗੇਮਕੇ ਦਾ ਸਾਹਮਣਾ ਕਰਨਗੇ। ਵਰਲਡ ਦੇ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਇਸ ਸੈਸ਼ਨ ਵਿਚ ਫਾਰਮ ਨਾਲ ਜੂਝ ਰਹੇ ਹਨ। ਉਹ ਪਿਛਲੇ ਹਫਤੇ ਇੰਡੋਨੇਸ਼ੀਆ ਓਪਨ ਵਿਚ ਦੂਜੇ ਦੌਰ ਤੋਂ ਅੱਗੇ ਨਹੀਂ ਵੱਧ ਸਕੇ ਸੀ। ਇਸ ਵਿਚਾਲੇ ਪ੍ਰਣਯ ਜੇਰੀ ਚੋਪੜਾ ਅਤੇ ਸਿੱਕੀ ਰੈੱਡੀ ਦੀ ਜੋੜੀ ਵੀ ਮਿਕਸਡ ਡਬਲਜ਼ ਤੋਂ ਬਾਹਰ ਹੋ ਗਈ ਹੈ। ਉਨ੍ਹਾਂ ਨੂੰ ਚੀਨ ਦੇ ਝੇਂਗ ਸੀ ਵੇਈ ਅਤੇ ਹੁਆਂਗ ਯਾ ਕਿਯੋਂਗ ਨੇ 21-11, 21-14 ਨਾਲ ਹਰਾਇਆ।