ਖੇਡ ਲੇਖਕ ਨਵਦੀਪ ਗਿੱਲ ਦੀ ਕਿਤਾਬ ‘ਗੋਲਡਨ ਬੁਆਏ ਨੀਰਜ ਚੋਪੜਾ’ ਰਿਲੀਜ਼

02/03/2022 3:56:07 PM

ਲੁਧਿਆਣਾ: ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਦੀ ਟੋਕੀਓ ਓਲੰਪਿਕ ਖੇਡਾਂ-2021 ਵਿਚ ਸੋਨ ਤਮਗਾ ਜਿੱਤਣ ਵਾਲੇ ਭਾਰਤੀ ਅਥਲੀਟ ਨੀਰਜ ਚੋਪੜਾ ਬਾਰੇ ਲਿਖੀ ਸੰਖੇਪ ਜੀਵਨੀ ਕਿਤਾਬ ‘ਗੋਲਡਨ ਬੁਆਏ ਨੀਰਜ ਚੋਪੜਾ’ ਨੂੰ ਰਿਲੀਜ਼ ਕੀਤਾ ਗਿਆ। ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ ਲੇਖਕ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤੀ ਇਹ ਕਿਤਾਬ ਲੇਖਕ ਦੀ ਸੱਤਵੀਂ ਕਿਤਾਬ ਹੈ ਜਦੋਂ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀ ਛੇਵੀਂ ਕਿਤਾਬ ਹੈ।

ਲੋਕ ਗੀਤ ਪ੍ਰਕਾਸ਼ਨ ਵੱਲੋਂ ਇਹ ਕਿਤਾਬ ਵਿਦਿਆਰਥੀਆਂ ਨੂੰ ਧਿਆਨ ਵਿਚ ਰੱਖ ਕੇ ਛਾਪੀ ਬਾਲ ਸਾਹਿਤ ਦੀ ਕਿਤਾਬ ਹੈ। 72 ਪੰਨਿਆਂ ਦੀ ਇਹ ਸਚਿੱਤਰ ਰੰਗਦਾਰ ਕਿਤਾਬ ਨੀਰਜ ਚੋਪੜਾ ਦੇ ਬਚਪਨ ਤੋਂ ਲੈ ਕੇ ਟੋਕੀਓ ਓਲੰਪਿਕਸ ਵਿਚ ਸੋਨ ਤਮਗਾ ਜਿੱਤਣ ਦੇ ਸੰਘਰਸ਼ਸ਼ੀਲ ਅਤੇ ਸੁਨਹਿਰੀ ਸਫ਼ਰ ਉਤੇ ਝਾਤ ਪਾਉਂਦੀ ਹੈ। ਨੀਰਜ ਦੀਆਂ ਖੇਡ ਪ੍ਰਾਪਤੀਆਂ ਤੋਂ ਇਲਾਵਾ, ਉਸ ਦੀ ਖੇਡ ਤਕਨੀਕ, ਉਸ ਨੂੰ ਮਿਲੇ ਮਾਣ-ਸਨਮਾਨ ਅਤੇ ਸਮਕਾਲੀ ਖਿਡਾਰੀਆਂ ਬਾਰੇ ਵੱਖ-ਵੱਖ ਚੈਪਟਰ ਸ਼ਾਮਲ ਹਨ, ਜਿਸ ਦੇ ਹਰ ਚੈਪਟਰ ਵਿਚ ਸ਼ਾਮਲ ਤਸਵੀਰਾਂ ਕਿਤਾਬ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ।

ਡਾ.ਸੁਰਜੀਤ ਪਾਤਰ ਨੇ ਕਿਹਾ ਕਿ ਜੱਗ ਜੇਤੂ ਖਿਡਾਰੀ ਦੀ ਜੀਵਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ, ਜਿਸ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਨਵੀਂ ਉਮਰ ਦੇ ਖਿਡਾਰੀਆਂ ਨੂੰ ਹੱਲਾਸ਼ੇਰੀ ਮਿਲੇਗੀ।ਉਨ੍ਹਾਂ ਕਿਹਾ ਕਿ ਨਵਦੀਪ ਸਿੰਘ ਗਿੱਲ ਵੱਲੋਂ ਆਪਣੀ ਕਲਮ ਨਾਲ ਮਾਣਮੱਤੇ ਖੇਡ ਇਤਿਹਾਸ ਨੂੰ ਲਿਖਤੀ ਰੂਪ ਵਿਚ ਸਾਂਭਣਾ ਵਧੀਆ ਉਪਰਾਲਾ ਹੈ। ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਜੀਵਨੀਆਂ ਆਧਾਰਿਤ ਬਾਲ ਸਾਹਿਤ ਲਿਖਣਾ ਸ਼ੁਭ ਸ਼ਗਨ ਹੈ, ਇਸ ਲਈ ਲੇਖਕ ਅਤੇ ਪ੍ਰਕਾਸ਼ਕ ਦੋਵੇਂ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਿਆ ਸਾਹਿਤ ਸਿਹਤਮੰਦ ਸਮਾਜ ਸਿਰਜਣ ਵਿਚ ਅਹਿਮ ਰੋਲ ਨਿਭਾਉਂਦਾ ਹੈ। ਲੇਖਕ ਨਵਦੀਪ ਸਿੰਘ ਗਿੱਲ ਨੇ ਕਿਹਾ ਨੀਰਜ ਚੋਪੜਾ ਭਾਰਤ ਦਾ ਪਹਿਲਾ ਓਲੰਪਿਕ ਚੈਂਪੀਅਨ ਅਥਲੀਟ ਹੈ, ਜਿਸ ਦੀ ਕਹਾਣੀ ਘਰ-ਘਰ ਤੱਕ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੇ ਵਿਸ਼ਵ ਪ੍ਰਸਿੱਧ ਅਥਲੀਟ ਓਸੈਨ ਬੋਲਟ ਦੀਆਂ ਜੀਵਨੀਆਂ ਉਤੇ ਆਧਾਰਿਤ ਬਾਲ ਸਾਹਿਤ ਦੀਆਂ ਕਿਤਾਬ ਵੀ ਛਪਾਈ ਅਧੀਨ ਹਨ।

ਇਸ ਮੌਕੇ ਲੇਖਕ ਦੇ ਪਿਤਾ ਸੁਰਜੀਤ ਸਿੰਘ ਸ਼ਹਿਣਾ, ਅੰਮ੍ਰਿਤ ਪਾਲ ਸਿੰਘ ਭੰਗੂ ਯੂ.ਐਸ.ਏ., ਉੱਘੇ ਕਵੀ ਡਾ. ਰਵਿੰਦਰ ਬਟਾਲਾ, ਸੀਨੀਅਰ ਪੱਤਰਕਾਰ ਸੀ. ਮਾਰਕੰਡਾ ਤੇ ਸਤਿਬੀਰ ਸਿੰਘ ਵੀ ਹਾਜ਼ਰ ਸਨ। ਨਵਦੀਪ ਸਿੰਘ ਗਿੱਲ ਜੋ ਪੰਜਾਬ ਸਰਕਾਰ ਵਿਚ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ, ਇਸ ਤੋਂ ਪਹਿਲਾਂ ਛੇ ਕਿਤਾਬ ਲਿਖ ਚੁੱਕੇ ਹਨ ਜਿਨ੍ਹਾਂ ਦੇ ਨਾਮ ‘ਖੇਡ ਅੰਬਰ ਦੇ ਪੰਜਾਬੀ ਸਿਤਾਰੇ’, ‘ਮੈਂ ਇਵੇਂ ਵੇਖੀਆਂ ਏਸ਼ਿਆਈ ਖੇਡਾਂ’, ‘ਅੱਖੀਂ ਵੇਖੀਆਂ ਓਲੰਪਿਕ ਖੇਡਾਂ’, ‘ਨੌਲੱਖਾ ਬਾਗ਼’, ‘ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਸਿਤਾਰੇ’ ਤੇ ‘ਉੱਡਣਾ ਬਾਜ਼’ ਹਨ।

cherry

This news is Content Editor cherry