ਦੱਖਣੀ ਅਫਰੀਕਾ ਨੂੰ ਬੜ੍ਹਤ ਪਰ ਕਰੁਣਾਰਤਨੇ ਨੇ ਜਾਰੀ ਰੱਖਿਆ ਸੰਘਰਸ਼

01/05/2021 1:24:53 AM

ਜੋਹਾਨਸਬਰਗ– ਸਲਾਮੀ ਬੱਲੇਬਾਜ਼ ਡੀਨ ਐਲਗਰ (127) ਦੇ ਸ਼ਾਨਦਾਰ ਸੈਂਕੜੇ ਨਾਲ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਵਿਰੁੱਧ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਸੋਮਵਾਰ ਨੂੰ ਪਹਿਲੀ ਪਾਰੀ ਵਿਚ 302 ਦੌੜਾਂ ਬਣਾ ਕੇ 145 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਹਾਸਲ ਕਰ ਲਈ।


ਸ਼੍ਰੀਲੰਕਾ ਨੇ ਪਹਿਲੀ ਪਾਰੀ ਵਿਚ 157 ਦੌੜਾਂ ਬਣਾਈਆਂ ਸਨ। ਸ਼੍ਰੀਲੰਕਾ ਨੇ ਦੂਜੀ ਪਾਰੀ ਵਿਚ ਕਪਤਾਨ ਤੇ ਓਪਨਰ ਦਿਮੁਥ ਕਰੁਣਾਰਤਨੇ ਦੀ ਅਜੇਤੂ 91 ਦੌੜਾਂ ਦੀ ਸਾਹਸੀ ਪਾਰੀ ਨਾਲ ਸੰਘਰਸ਼ ਕਰਦੇ ਹੋਏ ਦੂਜੀ ਪਾਰੀ ਵਿਚ ਦਿਨ ਦੀ ਖੇਡ ਖਤਮ ਹੋਣ ਤਕ 4 ਵਿਕਟਾਂ ’ਤੇ 150 ਦੌੜਾਂ ਬਣਾ ਲਈਆਂ ਹਨ ਤੇ ਉਸਦੇ ਕੋਲ ਹੁਣ 5 ਦੌੜਾਂ ਦੀ ਬੜ੍ਹਤ ਹੋ ਗਈ ਹੈ। ਕਰੁਣਾਰਤਨੇ ਨੇ 116 ਗੇਂਦਾਂ ਦੀ ਪਾਰੀ ਵਿਚ 17 ਚੌਕੇ ਲਾਏ ਹਨ। ਲਾਹਿਰੂ ਥਿਰੀਮਾਨੇ ਨੇ 31 ਦੌੜਾਂ ਬਣਾਈਆਂ ਜਦਕਿ ਵਿਕਟਕੀਪਰ ਨਿਰੋਸ਼ਨ ਡਿਕਵੇਲਾ ਅਜੇਤੂ 18 ਦੌੜਾਂ ਬਣਾ ਕੇ ਆਪਣੇ ਕਪਤਾਨ ਦਾ ਸਾਥ ਦੇ ਰਿਹਾ ਹੈ। ਲੂੰਗੀ ਇਨਗਿਡੀ ਨੇ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਸਵੇਰੇ 1 ਵਿਕਟ ’ਤੇ 148 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਸ਼੍ਰੀਲੰਕਾ ਨੇ ਹਾਲਾਂਕਿ ਦੂਜੇ ਦਿਨ ਚੰਗੀ ਗੇਂਦਬਾਜ਼ੀ ਕੀਤੀ ਤੇ ਦੱਖਣੀ ਅਫਰੀਕਾ ਨੂੰ ਵੱਡੀ ਬੜ੍ਹਤ ਲੈਣ ਤੋਂ ਰੋਕ ਦਿੱਤਾ। ਐਲਗਰ ਨੇ 92 ਦੌੜਾਂ ਤੇ ਰੈਸੀ ਵਾਨ ਡੇਰ ਡੂਸੇਨ ਨੇ 40 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh