ਦੱਖਣੀ ਅਫਰੀਕਾ ਟੀਮ ਨੇ ਟੀ20 ''ਚ ਆਇਰਲੈਂਡ ਦਾ ਕੀਤਾ ਸਫਾਇਆ, 3-0 ਨਾਲ ਜਿੱਤੀ ਸੀਰੀਜ਼

07/26/2021 8:28:06 PM

ਬੇਲਫਾਸਟ- ਕਪਤਾਨ ਤੇਮਬਾ ਬਾਵੁਮਾ (72), ਰੀਜਾ ਹੇਂਡ੍ਰਿਕਸ (69) ਅਤੇ ਡੇਵਿਡ ਮਿਲਰ (36) ਦੀ ਧਮਾਕੇਦਾਰ ਪਾਰੀਆਂ ਦੀ ਬਦੌਲਤ ਦੱਖਣੀ ਅਫਰੀਕਾ ਨੇ ਇੱਥੇ ਸ਼ਨੀਵਾਰ ਨੂੰ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ਵਿਚ 49 ਦੌੜਾਂ ਦੀ ਵੱਡੀ ਜਿੱਤ ਨਾਲ ਤਿੰਨ ਮੈਚਾਂ ਦੀ ਇਸ ਸੀਰੀਜ਼ ਵਿਚ ਆਇਰਲੈਂਡ ਨੂੰ 3-0 ਨਾਲ ਕਲੀਨ ਸਵੀਪ ਕਰ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਹਿਮਾਨ ਟੀਮ ਦੱਖਣੀ ਅਫਰੀਕਾ ਨੇ 2 ਵਿਕਟਾਂ 'ਤੇ 20 ਓਵਰਾਂ ਵਿਚ 189 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਿਸ ਦੇ ਜਵਾਬ ਵਿਚ ਮੇਜ਼ਬਾਨ ਆਇਰਲੈਂਡ 9 ਵਿਕਟਾਂ 'ਤੇ 140 ਦੌੜਾਂ ਹੀ ਬਣਾ ਸਕੀ ਅਤੇ ਦੱਖਣੀ ਅਫਰੀਕਾ ਨੇ ਇਹ ਮੈਚ 49 ਦੌੜਾਂ ਨਾਲ ਜਿੱਤ ਲਿਆ।


ਸਲਾਮੀ ਬੱਲੇਬਾਜ਼ਾਂ ਬਾਵੁਮਾ ਅਤੇ ਹੇਂਡ੍ਰਿਕਸ ਨੇ ਦੱਖਣੀ ਅਫਰੀਕਾ ਨੂੰ ਵਧੀਆ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੇ ਵਿਕਟ ਦੇ ਲਈ 127 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ, ਜਿਸਦਾ ਟੀਮ ਨੂੰ ਆਖਰ ਵਿਚ ਬਹੁਤ ਲਾਭ ਹੋਇਆ। ਹੇਂਡ੍ਰਿਕਸ ਨੇ 7 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 48 ਗੇਂਦਾਂ 'ਤੇ 69 ਅਤੇ ਮਿਲਰ ਨੇ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਬਦੌਲਤ 17 ਗੇਂਦਾਂ 'ਤੇ 36 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਆਇਰਲੈਂਡ ਦੀ ਟੀਮ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ 'ਚ ਵੀ ਫਲਾਪ ਰਹੀ। ਗੇਂਦਬਾਜ਼ ਜਿੱਥੇ ਮਹਿੰਗੇ ਸਾਬਤ ਹੋਏ ਤਾਂ ਬੱਲੇਬਾਜ਼ੀ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਖਿੱਲਰ ਗਈ। ਗੇਂਦਬਾਜ਼ੀ ਵਿਚ ਸਿਰਫ ਸਿਮੀ ਸਿੰਘ ਅਤੇ ਬੈਰੀ ਮੈਕਾਰਥੀ ਸਫਲ ਰਹੇ, ਜਿਨ੍ਹਾਂ ਨੇ 1-1 ਵਿਕਟ ਹਾਸਲ ਕੀਤੀ, ਜਦਕਿ ਕਪਤਾਨ ਬਾਲਬਰਨੀ ਨੇ ਸਭ ਤੋਂ ਜ਼ਿਆਦਾ 27 ਦੌੜਾਂ ਦਾ ਯੋਗਦਾਨ ਦਿੱਤਾ। ਉਨ੍ਹਾਂ ਤੋਂ ਇਲਾਵਾ ਗੇਂਦਬਾਜ਼ ਕ੍ਰੈਗ ਯੰਗ ਨੇ 22 ਦੌੜਾਂ ਬਣਾਈਆਂ। ਮਿਲਰ ਨੂੰ 17 ਗੇਂਦਾਂ 'ਤੇ 36 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਲਈ 'ਪਲੇਅਰ ਆਫ ਦਿ ਮੈਚ' ਅਤੇ ਪੂਰੀ ਸੀਰੀਜ਼ ਵਿਚ 139 ਦੌੜਾਂ ਬਣਾਉਣ ਦੇ ਲਈ 'ਪਲੇਅਰ ਆਫ ਦਿ ਸੀਰੀਜ਼' ਨਾਲ ਸਨਮਾਨਿਤ ਕੀਤਾ ਗਿਆ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh