ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ 17 ਦੌੜਾਂ ਨਾਲ ਹਰਾਇਆ

03/01/2020 3:38:33 PM

ਸਿਡਨੀ : ਲੌਰਾ ਵੋਲਵਾਟਰ ਦੇ ਅਰਧ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਦੇ ਗਰੁਪ ਬੀ ਮੁਕਾਬਲੇ ਵਿਚ 17 ਦੌੜਾਂ ਨਾਲ ਹਰਾਇਆ। ਦੱਖਣੀ ਅਫਰੀਕਾ ਨੇ ਲੌਰਾ ਦੇ 36 ਗੇਂਦਾਂ ਵਿਚ 8 ਚੌਕਿਆਂ ਦੀ ਮਦਦ ਨਾਲ ਅਜੇਤੂ 53 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ ਵਿਚ 6 ਵਿਕਟਾਂ ’ਤੇ 136 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ 20 ਓਵਰਾਂ ਵਿਚ 5 ਵਿਕਟਾਂ ’ਤੇ 199 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਵੱਲੋਂ ਆਲੀਆ ਰਿਆਜ ਨੇ 32 ਗੇਂਦਾਂ ਵਿਚ 3 ਚੌਕੇ ਅਤੇ 1 ਛੱਕੇ ਦੀ ਮਦਦ ਨਾਲ ਅਜੇਤੂ 39 ਦੌੜਾਂ ਬਣਾਈਆਂ। ਲੌਰਾ ਨੂੰ ਉਸ ਦੀ ਪਾਰੀ ਦੇ ਲਈ ‘ਪਲੇਅਰ ਆਫ ਦਿ ਮੈਚ’ ਦਾ ਪੁਰਸਕਾਰ ਦਿੱਤਾ ਗਿਆ। 

ਦੱਖਣੀ ਅਫਰੀਕਾ ਦੀ ਪਾਰੀ ਵਿਚ ਮਰਿਜਾਨੇ ਕਾਪ ਨੇ 31, ਮਿਗਨੋਨ ਡੂ ਪ੍ਰੇਜ ਨੇ 17 ਅਤੇ ਸੂਨੇ ਲੂਸ ਨੇ 12 ਦੌੜਾਂ ਦਾ ਯੋਗਦਾਨ ਦਿੱਤਾ। ਪਾਕਿਸਤਾਨ ਵੱਲੋਂ ਡਿਆਨਾ ਬੇਗ ਨੇ 19 ਦੌੜਾਂ ਦੇ ਕੇ 2 ਵਿਕਟਾਂ ਅਤੇ ਏਨਮ ਆਮਿਨ ਨੇ 22, ਐਮਨ ਅਨਵਰ ਨੇ 43, ਸਯੀਦਾ ਅਰੂਬ ਸ਼ਾਹ ਨੇ 25 ਅਤੇ ਨਿਦਾ ਡਾਰ ਨੇ 26 ਦੌੜਾਂ ਦੇ ਕੇ ਇਕ-ਇਕ ਵਿਕਟ ਲਈ। ਪਾਕਿਸਤਾਨ ਦੀ ਪਾਰੀ ਵਿਚ ਆਲੀਆ ਤੋਂ ਇਲਾਵਾ ਕਪਤਾਨ ਜਵੇਰੀਆ ਖਾਨ 31 ਅਤੇ ਇਰਮ ਜਾਵੇਦ ਨੇ ਅਜੇਤੂ 17 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਨੇਨਕੁਲੁਲੇਕੋ ਮਲਾਬਾ ਨੇ 20, ਸ਼ਬਨਿਮ ਇਸਮਾਈਲ ਨੇ 17 ਅਤੇ ਕਪਤਾਨ ਡੇਨ ਵਾਨ ਨਿਏਕਰ ਨੇ 17 ਦੌੜਾਂ ਦੇ ਕੇ ਇਕ-ਇਕ ਵਿਕਟ ਲਈ। ਦੱਖਣੀ ਅਫਰੀਕਾ ਦੀ 3 ਮੈਚਾਂ ਵਿਚ ਇਹ ਲਗਾਤਾਰ ਤੀਜੀ ਜਿੱਤ ਹੈ ਅਤੇ ਉਸ ਦਾ ਸੈਮੀਫਾਈਨਲ ਵਿਚ ਜਾਣਾ ਲੱਗਭਗ ਪੱਕਾ ਹੈ ਜਦਕਿ ਪਾਕਿਸਤਾਨ ਦੀ 3 ਮੈਚਾਂ ਵਿਚ ਇਹ ਦੂਜੀ ਹਾਰ ਹੈ।