ਦੱਖਣੀ ਅਫ਼ਰੀਕਾ ਨੇ ਜਿੱਤ ਦਾ ਲਗਾਇਆ ਚੌਕਾ, ਨਿਊਜ਼ੀਲੈਂਡ ਨੂੰ 2 ਵਿਕਟਾਂ ਨਾਲ ਹਰਾਇਆ

03/17/2022 4:51:34 PM

ਹੈਮਿਲਟਨ (ਵਾਰਤਾ)- ਮਰੀਅਨ ਕੱਪ (44 ਦੌੜਾਂ 'ਤੇ 2 ਵਿਕਟਾਂ ਅਤੇ ਨਾਬਾਦ 34 ਦੌੜਾਂ) ਦੇ ਸ਼ਾਨਦਾਰ ਆਲਰਾਊਂਡਰ ਖੇਡ ਅਤੇ ਲੌਰਾ ਵੂਲਫੈਟਰ (67) ਅਤੇ ਕਪਤਾਨ ਸੁਨੇ ਲੁਸ (51) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ ਵੀਰਵਾਰ ਨੂੰ ਤਿੰਨ ਗੇਂਦਾਂ ਬਾਕੀ ਰਹਿੰਦੇ ਦੋ ਵਿਕਟਾਂ ਨਾਲ ਹਰਾ ਕੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਟੂਰਨਾਮੈਂਟ ਵਿਚ ਜਿੱਤ ਦਾ ਚੌਕਾ ਲਗਾ ਦਿੱਤਾ। ਦੱਖਣੀ ਅਫਰੀਕਾ ਲਗਾਤਾਰ ਚੌਥੀ ਜਿੱਤ ਅਤੇ 8 ਅੰਕਾਂ ਨਾਲ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਨਿਊਜ਼ੀਲੈਂਡ 5 ਮੈਚਾਂ 'ਚ ਤੀਜੀ ਹਾਰ ਤੋਂ ਬਾਅਦ ਚੌਥੇ ਸਥਾਨ 'ਤੇ ਹੈ। ਨਿਊਜ਼ੀਲੈਂਡ ਦੀ ਟੀਮ 47.5 ਓਵਰਾਂ 'ਚ 228 ਦੌੜਾਂ 'ਤੇ ਸਿਮਟ ਗਈ। ਦੱਖਣੀ ਅਫਰੀਕਾ ਨੇ 49.3 ਓਵਰਾਂ ਵਿਚ 8 ਵਿਕਟਾਂ ’ਤੇ 229 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

ਮਰੀਅਨ ਕੱਪ ਨੂੰ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ। ਨਿਊਜ਼ੀਲੈਂਡ ਦੀ ਟੀਮ ਸੋਫੀ ਡਿਵਾਈਨ ਦੀ 101 ਗੇਂਦਾਂ 'ਤੇ 12 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 93 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਬਾਵਜੂਦ 228 ਦੌੜਾਂ 'ਤੇ ਸਿਮਟ ਗਈ। ਅਮੀਲੀਆ ਕਰ ਨੇ 42, ਮੈਡੀ ਗ੍ਰੀਨ ਨੇ 30 ਅਤੇ ਬਰੁਕ ਹੈਲੀਡੇ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਸੋਫੀ 5ਵੇਂ ਬੱਲੇਬਾਜ਼ ਵਜੋਂ ਟੀਮ ਦੇ 198 ਦੇ ਸਕੋਰ 'ਤੇ ਆਊਟ ਹੋ ਗਈ। ਪਰ ਇਸ ਤੋਂ ਬਾਅਦ ਬਾਕੀ ਬੱਲੇਬਾਜ਼ 30 ਦੌੜਾਂ ਜੋੜ ਕੇ ਪੈਵੇਲੀਅਨ ਪਰਤ ਗਈਆਂ। ਮਰੀਅਨ ਕੱਪ ਨੇ 10 ਓਵਰਾਂ ਵਿਚ 44 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਜਦੋਂ ਕਿ ਸ਼ਬਨੀਮ ਇਸਮਾਈਲ ਨੇ 27 ਦੌੜਾਂ ਦੇ ਕੇ 3 ਵਿਕਟਾਂ ਅਤੇ ਅਯਾਬੋਂਗਾ ਖਾਕਾ ਨੇ 31 ਦੌੜਾਂ ਦੇ ਕੇ 3 ਵਿਕਟਾਂ ਲਈਆਂ।

ਟੀਚੇ ਦਾ ਪਿੱਛਾ ਕਰਦੇ ਹੋਏ ਲੌਰਾ ਵੂਲਫੈਟਰ ਅਤੇ ਕਪਤਾਨ ਸੁਨੇ ਲੁਸ ਨੇ ਤੀਜੀ ਵਿਕਟ ਲਈ 88 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਵੂਲਫੈਟਰ ਨੇ 94 ਗੇਂਦਾਂ 'ਤੇ 67 ਦੌੜਾਂ 'ਚ 6 ਚੌਕੇ ਜੜੇ, ਜਦਕਿ ਕਪਤਾਨ ਸੁਨੇ ਲੁਸ ਨੇ 73 ਗੇਂਦਾਂ 'ਤੇ 51 ਦੌੜਾਂ 'ਚ 4 ਚੌਕੇ ਲਗਾਏ। ਇਹ ਸਾਂਝੇਦਾਰੀ ਟੁੱਟਣ ਤੋਂ ਬਾਅਦ ਦੱਖਣੀ ਅਫਰੀਕਾ ਨੇ ਸ਼ੁਰੂਆਤ 'ਚ ਕੁਝ ਵਿਕਟਾਂ ਗੁਆ ਦਿੱਤੀਆਂ ਪਰ ਮਰੀਅਨ ਕੱਪ ਨੇ ਇਕ ਸਿਰੇ ਤੋਂ ਜ਼ਬਰਦਸਤ ਖੇਡਦੇ ਹੋਏ 35 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ ਅਜੇਤੂ 34 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ, ਜਿਸ ਲਈ ਉਨ੍ਹਾਂ ਨੂੰ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ।

cherry

This news is Content Editor cherry