ਹਿੱਤਾਂ ਦੇ ਟਕਰਾਅ ''ਤੇ ਗਾਂਗੁਲੀ ਨੇ ਕਿਹਾ- ਇਹ ਇਕ ਗੰਭੀਰ ਮਾਮਲਾ ਹੈ

10/15/2019 6:24:32 PM

ਮੁੰਬਈ— ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਬਿਨਾ ਕਿਸੇ ਵਿਰੋਧ ਦੇ ਪ੍ਰਧਾਨ ਬਣਨ ਜਾ ਰਹੇ ਸੌਰਭ ਗਾਂਗੁਲੀ ਨੇ ਹਿੱਤਾਂ ਦੇ ਟਕਰਾਅ ਨੂੰ ਭਾਰਤੀ ਕ੍ਰਿਕਟ 'ਚ ਇਕ ਗੰਭੀਰ ਮਾਮਲਾ ਦੱਸਿਆ ਹੈ। ਖੁਦ ਵੀ ਹਿੱਤਾਂ ਦੇ ਟਕਰਾਅ ਦੇ ਮੁੱਦੇ ਦਾ ਸ਼ਿਕਾਰ ਹੋ ਚੁੱਕੇ ਅਤੇ ਇਸ ਮਾਮਲੇ ਦੇ ਚਲਦੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਕ੍ਰਿਕਟ ਸਲਾਹਕਾਰ ਕਮੇਟੀ ਦੇ ਅਸਤੀਫਾ ਦੇਣ ਵਾਲੇ ਸਾਬਕਾ ਭਾਰਤੀ ਕਪਤਾਨ ਗਾਂਗੁਲੀ ਨੇ ਇਸ ਮੁੱਦੇ 'ਤੇ ਪਹਿਲੀ ਵਾਰ ਜਨਤਕ ਤੌਰ 'ਤੇ ਗੱਲ ਕਹੀ। ਗਾਂਗੁਲੀ ਨੇ ਕਿਹਾ, ''ਹਿੱਤਾਂ ਦਾ ਟਕਰਾਅ ਇਕ ਗੰਭੀਰ ਮੁੱਦਾ ਹੈ। ਅਜਿਹੀ ਸਥਿਤੀ 'ਚ ਅਸੀਂ ਬੀ. ਸੀ. ਸੀ. ਆਈ. 'ਚ ਸਰਵਸ੍ਰੇਸ਼ਠ ਕ੍ਰਿਕਟਰਾਂ ਨੂੰ ਕਿਵੇਂ ਸ਼ਾਮਲ ਕਰ ਸਕਾਂਗੇ ਕਿਉਂਕਿ ਇਨ੍ਹਾਂ ਕ੍ਰਿਕਟਰਾਂ ਦੇ ਕੋਲ ਹੋਰ ਬਿਹਤਰ ਬਦਲ ਵੀ ਮੌਜੂਦ ਹਨ। ਜੇਕਰ ਉਹ ਬੀ. ਸੀ. ਸੀ. ਆਈ. ਨਾਲ ਜੁੜਦੇ ਹਨ ਅਤੇ ਆਪਣੀ ਰੋਜ਼ੀ-ਰੋਟੀ ਚਲਾਉਣ ਲਈ ਜੋ ਕਰਨਾ ਹੁੰਦਾ ਹੈ ਉਹ ਨਾ ਕਰ ਸਕਣ, ਤਾਂ ਉਨ੍ਹਾਂ ਲਈ ਇਸ ਵਿਵਸਥਾ ਨਾਲ ਜੁੜੇ ਰਹਿਣਾ ਕਾਫੀ ਮੁਸ਼ਕਲ ਹੋਵੇਗਾ।

ਖੱਬੇ ਹੱਥ ਦੇ ਸਾਬਕਾ ਦਿਗਜ ਬੱਲੇਬਾਜ਼ ਨੇ ਸੋਮਵਾਰ ਨੂੰ ਬੀ. ਸੀ. ਸੀ. ਆਈ. ਪ੍ਰਧਾਨ ਅਹੁਦੇ ਲਈ ਆਪਣਾ ਨਾਮਜ਼ਦਗੀ ਪੱਤਰ ਭਰਨ ਦੇ ਬਾਅਦ ਹਿੱਤਾਂ ਦੇ ਟਕਰਾਅ ਦੇ ਮੁੱਦੇ 'ਤੇ ਇਹ ਗੱਲ ਕਹੀ। ਟੀਮ ਇੰਡੀਆ ਦੇ ਕੋਚ ਦੇ ਰੂਪ 'ਚ ਰਵੀ ਸ਼ਾਸਤਰੀ ਦੀ ਚੋਣ ਕਰਨ ਵਾਲੀ ਕ੍ਰਿਕਟਰ ਸਲਾਹਕਾਰ ਕਮੇਟੀ ਦੇ ਤਿੰਨ ਮੈਂਬਰਾਂ ਕਪਿਲ ਦੇਵ, ਅੰਸ਼ੂਮਨ ਗਾਇਕਵਾੜ ਅਤੇ ਸ਼ਾਂਤਾ ਰੰਗਾਸਵਾਮੀ ਨੇ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਦੇ ਬਾਅਦ ਇਸ ਕਮੇਟੀ ਤੋਂ ਹਾਲ 'ਚ ਅਸਤੀਫਾ ਦੇ ਦਿੱਤਾ ਸੀ। ਕਪਿਲ ਨੇ ਤਾਂ ਇਸ 'ਤੇ ਬਾਇਕਾਦਾ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਅਜਿਹੀ ਸੂਰਤ 'ਚ ਕੋਈ ਵੀ ਕ੍ਰਿਕਟਰ ਭਵਿੱਖ 'ਚ ਬੀ. ਸੀ. ਸੀ. ਆਈ. ਨਾਲ ਨਹੀਂ ਜੁੜ ਸਕੇਗਾ। ਜ਼ਿਕਰਯੋਗ ਹੈ ਕਿ ਗਾਂਗੁਲੀ ਨੂੰ ਵੀ ਹਿੱਤਾਂ ਦੇ ਟਕਰਾਅ ਕਾਰਨ ਬੀ. ਸੀ. ਸੀ. ਆਈ. ਦੀ ਕ੍ਰਿਕਟ ਸਲਾਹਕਾਰ ਕਮੇਟੀ ਦੇ ਮੈਂਬਰ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਗਾਂਗੁਲੀ ਉਸ ਸਮੇਂ ਕਮੇਟੀ ਦੇ ਮੈਂਬਰ ਹੋਣ ਦੇ ਇਲਾਵਾ, ਆਈ. ਪੀ. ਐੱਲ. ਦੀ ਦਿੱਲੀ ਕੈਪੀਟਲਸ ਦੇ ਕੋਚਿੰਗ ਸਟਾਫ ਅਤੇ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਅਹੁਦੇ 'ਤੇ ਵੀ ਸਨ। ਬੀ. ਸੀ. ਸੀ. ਆਈ. ਦੇ ਨਵੇਂ ਸੰਵਿਧਾਨ ਦੇ ਮੁਤਾਬਕ ਕੋਈ ਵੀ ਵਿਅਕਤੀ ਭਾਰਤੀ ਕ੍ਰਿਕਟ 'ਚ ਇਕ ਸਮੇਂ ਸਿਰਫ ਇਕ ਹੀ ਅਹੁਦਾ ਸੰਭਾਲ ਸਕਦਾ ਹੈ ਜਿਸ ਦਾ ਗਾਂਗੁਲੀ ਨੇ ਵਿਰੋਧ ਕੀਤਾ ਸੀ।

Tarsem Singh

This news is Content Editor Tarsem Singh