ਸਨਾਈਡਰ ਨੂੰ ਹਰਾਉਣ ਲਈ ਰਣਨੀਤੀ ਬਣਾ ਲਈ ਹੈ : ਵਿਜੇਂਦਰ

07/11/2019 2:50:15 AM

ਨੇਵਾਰਕ- ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਬੁੱਧਵਾਰ  ਕਿਹਾ ਕਿ ਸ਼ਨੀਵਾਰ ਨੂੰ ਵਿਰੋਧੀ ਮਾਈਕ ਸਨਾਈਡਰ ਖਿਲਾਫ ਹੋਣ ਵਾਲੀ ਬਾਊਟ ਦੀ ਤਿਆਰੀ ਲਈ ਉਸ ਨੇ ਸਾਰੀਆਂ ਸੰਭਾਵਿਤ ਰਣਨੀਤੀਆਂ 'ਤੇ ਕੰਮ ਕੀਤਾ ਹੈ। ਵਿਜੇਂਦਰ ਹੁਣ ਅਮਰੀਕੀ ਪੇਸ਼ੇਵਰ ਸਰਕਟ ਵਿਚ ਮੁਕਾਬਲੇ ਦੀਆਂ ਤਿਆਰੀਆਂ ਵਿਚ ਜੁਟਿਆ ਹੈ। ਹੁਣ ਤਕ ਦੀਆਂ 10 ਬਾਊਟ ਦੇ ਪੇਸ਼ੇਵਰ ਕੈਰੀਅਰ ਵਿਚ ਉਸ ਨੂੰ ਹਾਰ ਦਾ ਮੂੰਹ ਨਹੀਂ ਦੇਖਣਾ ਪਿਆ। ਉਹ ਐਤਵਾਰ ਨੂੰ ਆਪਣੇ ਬ੍ਰਿਟਿਸ਼ ਟ੍ਰੇਨਰ ਲੀ ਬੀਯਰਡ ਨਾਲ ਸ਼ਹਿਰ ਪਹੁੰਚਿਆ। ਇਹ ਹਰਿਆਣਾ ਦੇ ਮੁੱਕੇਬਾਜ਼ ਦੀ ਇਸ ਸਾਲ ਪਹਿਲੀ ਬਾਊਟ ਹੋਵੇਗੀ। ਮੁੱਕੇਬਾਜ਼ੀ ਵਿਚ ਭਾਰਤ ਦੇ ਪਹਿਲੇ ਓਲੰਪਿਕ ਤਮਗਾ ਜੇਤੂ ਵਿਜੇਂਦਰ ਨੇ ਕਿਹਾ, ''ਅਸੀਂ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਰਹੇ ਹਾਂ, ਮੈਂ ਮਾਈਕ ਸਨਾਈਡਰ ਦੀਆਂ ਕੁਝ ਫਾਈਟਸ ਦੇਖੀਆਂ ਹਨ ਅਤੇ ਆਪਣੇ ਕੋਚਾਂ ਨਾਲ ਮਿਲ ਕੇ ਸਾਰੀਆਂ ਸੰਭਾਵਿਤ ਰਣਨੀਤੀਆਂ 'ਤੇ ਕੰਮ ਕੀਤਾ ਹੈ।'' ਉਸ ਨੇ ਕਿਹਾ, ''ਮੁੱਕੇਬਾਜ਼ ਹਮੇਸ਼ਾ ਆਪਣੀ ਬਾਊਟ ਤੋਂ ਪਹਿਲਾਂ ਵਧਾ-ਚੜ੍ਹਾਅ ਕੇ ਚੀਜ਼ਾਂ ਕਹਿੰਦੇ ਹਨ ਪਰ ਮੈਂ ਸਖਤ ਮਿਹਨਤ 'ਤੇ ਭਰੋਸਾ ਕਰਦਾ ਹਾਂ ਅਤੇ ਮੇਰੇ ਪੰਚ 13 ਜੁਲਾਈ ਨੂੰ ਰਿੰਗ ਵਿਚ ਮੇਰੀ ਸਖਤ ਮਿਹਨਤ ਦਾ ਸਬੂਤ ਦੇਣਗੇ। ਮੈਨੂੰ ਅਮਰੀਕਾ ਵਿਚ ਜਿੱਤ ਨਾਲ ਸ਼ੁਰੂਆਤ ਦਾ ਪੂਰਾ ਭਰੋਸਾ ਹੈ।''
ਵਿਜੇਂਦਰ ਅਤੇ ਸਨਾਈਡਰ ਵਿਚ ਅੱਠ ਰਾਊਂਡ ਦਾ ਮੁਕਾਬਲਾ ਨਿਊਜਰਸੀ ਦੇ ਨੇਵਾਰਕ ਵਿਚ ਪਰੂਡੈਂਸ਼ੀਅਲ ਸੈਂਟਰ 'ਚ ਹੋਵੇਗਾ। ਇਸ ਵਿਚ ਅੰਡਰਕਾਰਡ ਬਾਊਟ ਅਮਰੀਕਾ ਦੇ ਮੁੱਕੇਬਾਜ਼ੀ ਸਟਾਰ ਸ਼ਕੂਰ ਸਟੇਵੇਨਸਨ ਅਤੇ ਫ੍ਰੈਂਕਲਿਨ ਮੰਜਾਨਿਲਾ ਵਿਚਕਾਰ ਹੋਵੇਗੀ।

Gurdeep Singh

This news is Content Editor Gurdeep Singh