ਸਮਿਥ ਅਤੇ ਵਾਰਨਰ ਦੀ ਟੀ-20 ਟੀਮ ''ਚ ਵਾਪਸੀ, ਸਟੋਇੰਸ ਬਾਹਰ

10/09/2019 12:25:36 PM

ਸਪੋਰਟਸ ਡੈਸਕ—ਬੇਨ ਮੈਕਡਾਰਮਾਟ ਅਤੇ ਬਿਲੀ ਸਟੇਨਲੇਕ ਨੂੰ ਸ਼੍ਰੀਲੰਕਾ ਅਤੇ ਪਾਕਿਸਤਾਨ ਦੇ ਨਾਲ ਹੋਣ ਵਾਲੀ ਟੀ-20 ਸੀਰੀਜ਼ ਲਈ ਆਸਟਰੇਲੀਆਈ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਸਾਬਕਾ ਕਪਤਾਨ ਸਟੀਵ ਸਮਿਥ ਅਤੇ ਓਪਨਰ ਡੇਵਿਡ ਵਾਰਨਰ ਦੀ ਟੀਮ 'ਚ ਵਾਪਸੀ ਹੋਈ ਹੈ। ਕ੍ਰਿਕਟ ਆਸਟਰੇਲੀਆ ਨੇ ਮੰਗਲਵਾਰ ਇਸ ਦਾ ਐਲਾਨ ਕੀਤਾ। ਮੈਕਡਾਰਮਾਟ ਤੋਂ ਇਲਾਵਾ ਸਟਾਰ ਬੱਲੇਬਾਜ਼ ਸਮਿਥ ਅਤੇ ਵਾਰਨਰ ਨੂੰ ਵੀ ਇਸ ਸੀਰੀਜ਼ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਮਾਰਕਸ ਸਟੋਇੰਸ ਨੂੰ ਬਾਹਰ ਕਰ ਦਿੱਤਾ ਗਿਆ ਹੈ। ਸਟੋਇੰਸ ਵਿਸ਼ਵ ਕੱਪ ਵਿਚ ਸਿਰਫ 87 ਦੌੜਾਂ ਬਣਾ ਸਕਿਆ ਸੀ ਅਤੇ ਸੱਟਾਂ ਨਾਲ ਜੂਝ ਰਿਹਾ ਸੀ।
ਆਸਟਰੇਲੀਆਈ ਟੀਮ ਦੇ ਰਾਸ਼ਟਰੀ ਚੋਣਕਾਰ ਟ੍ਰੇਵਰ ਹੋਂਸ ਨੇ ਕਿਹਾ, ''ਅਸੀਂ ਸਮਿਥ ਅਤੇ ਡੇਵਿਡ ਦਾ ਟੀ-20 ਵਿਚ ਸਵਾਗਤ ਕਰਦੇ ਹਾਂ। ਸਮਿਥ ਸਾਰੇ ਫਾਰਮੈਟਾਂ 'ਚ ਬਿਹਤਰੀਨ ਬੱਲੇਬਾਜ਼ ਹੈ, ਜਦਕਿ ਵਾਰਨਰ ਆਸਟਰੇਲੀਆ ਵਲੋਂ ਟੀ-20 'ਚ ਬੈਸਟ ਸਕੋਰਰ ਹੈ। ਇਸ ਤੋਂ ਇਲਾਵਾ ਉਸ ਨੇ ਇਸ ਸਾਲ ਆਈ. ਪੀ. ਐੱਲ. 'ਚ ਵੀ ਸਭ ਤੋਂ ਵੱਧ ਦੌੜਾਂ ਬਣਾਈਆਂ। ਅਸੀਂ ਇਸ ਸੀਰੀਜ਼ ਲਈ ਜਿਹੜੀ ਟੀਮ ਚੁਣੀ ਹੈ, ਉਹ ਹਰ ਮੈਚ ਦੇ ਹਾਲਾਤ ਅਨੁਕੂਲ ਫਿੱਟ ਬੈਠਦੀ ਹੈ ਅਤੇ ਕਾਫੀ ਸੰਤੁਲਿਤ ਹੈ।''
ਆਸਟਰੇਲੀਆ ਨੇ ਪਹਿਲਾਂ ਸ਼੍ਰੀਲੰਕਾ ਨਾਲ 27 ਅਕਤੂਬਰ ਤੋਂ 3 ਟੀ-20 ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ, ਜਦਕਿ ਇਸ ਤੋਂ ਬਾਅਦ ਤਿੰਨ ਨਵੰਬਰ ਤੋਂ ਉਸ ਨੇ ਪਾਕਿਸਤਾਨ ਨਾਲ ਵੀ 3 ਟੀ-20 ਮੈਚ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ।