ਆਸਟਰੇਲੀਆ ਵਿਰੁੱਧ ਟੈਸਟ ਲੜੀ ਦੀ ਖੋਜ ਹੈ ਸਿਰਾਜ : ਸ਼ਾਸਤਰੀ

01/22/2021 7:59:23 PM

ਨਵੀਂ ਦਿੱਲੀ– ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਨਵੇਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਆਸਟਰੇਲੀਆ ਦੌਰੇ ਦੀ ਖੋਜ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਨਿੱਜੀ ਨੁਕਸਾਨ ਤੇ ਦਰਸ਼ਕਾਂ ਤੋਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਉਸ ਨੇ ਟੈਸਟ ਲੜੀ ਦੀ ਇਤਿਹਾਸਕ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਸਿਰਾਜ ਦੇ ਪਿਤਾ ਦਾ 20 ਨਵੰਬਰ ਨੂੰ ਫੇਫੜਿਆਂ ਦੀ ਬੀਮਾਰੀ ਕਾਰਨ ਦਿਹਾਂਤ ਹੋ ਗਿਆ ਸੀ। ਇਸ ਤੋਂ ਇਕ ਹਫਤੇ ਪਹਿਲਾਂ ਹੀ ਸਿਰਾਜ ਭਾਰਤੀ ਟੀਮ ਦੇ ਨਾਲ ਆਸਟਰੇਲੀਆ ਪਹੁੰਚਿਆ ਸੀ। ਉਸ ਨੂੰ ਘਰ ਪਰਤਣ ਦਾ ਬਦਲ ਦਿੱਤਾ ਗਿਆ ਸੀ ਪਰ ਉਹ ਟੀਮ ਨਾਲ ਰੁਕਿਆ ਰਿਹਾ। ਆਸਟਰੇਲੀਆ ਵਿਰੁੱਧ 4 ਮੈਚਾਂ ਦੀ ਲੜੀ ਦੇ ਸਿਡਨੀ ਵਿਚ ਖੇਡੇ ਗਏ ਤੀਜੇ ਟੈਸਟ ਵਿਚ ਉਸ ਨੂੰ ਦਰਸ਼ਕਾਂ ਤੋਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਸਭ ਤੋਂ ਬਾਅਦ ਵੀ ਉਸ ਨੇ ਲੜੀ ਵਿਚ ਭਾਰਤ ਵਲੋਂ ਸਭ ਤੋਂ ਵੱਧ 13 ਵਿਕਟਾਂ ਲਈਆਂ, ਜਿਸ ਨਾਲ ਟੀਮ ਪਿਛੜਨ ਤੋਂ ਬਾਅਦ 2-1 ਨਾਲ ਜਿੱਤ ਦਰਜ ਕਰਨ ਵਿਚ ਸਫਲ ਰਹੀ।


ਸ਼ਾਸਤਰੀ ਨੇ 26 ਸਾਲ ਦੇ ਇਸ ਗੇਂਦਬਾਜ਼ ਦੀ ਸ਼ਲਾਘਾ ਕਰਦਿਆਂ ਟਵੀਟ ਕੀਤਾ, ‘‘ਗੇਂਦਬਾਜ਼ੀ ਹਮਲੇ ਦੇ ਪੱਧਰ ਨੂੰ ਉੱਚਾ ਕਰਨ ਵਾਲਾ ਮੁਹੰਮਦ ਸਿਰਾਜ ਇਸ ਦੌਰੇ ਦੀ ਖੋਜ ਹੈ। ਉਸ ਨੇ ਨਿੱਜੀ ਨੁਕਸਾਨ, ਨਸਲੀ ਟਿੱਪਣੀਆਂ ਦਾ ਸਾਹਮਣਾ ਕਰਦੇ ਹੋਏ ਚੰਗੇ ਪ੍ਰਦਰਸ਼ਨ ਲਈ ਇਸ ਨੂੰ ਪ੍ਰੇਰਣਾ ਦੀ ਤਰ੍ਹਾਂ ਲਿਆ।’’


ਲੜੀ ਦੇ ਦੂਜੇ ਟੈਸਟ ਮੈਲਬੋਰਨ ਵਿਚ ਡੈਬਿਊ ਕਰਨ ਵਾਲੇ ਸਿਰਾਜ ਨੇ ਤਜਰਬੇਕਾਰ ਤੇਜ਼ ਗੇਂਦਬਾਜ਼ਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਸਦੀ ਕਮੀ ਨੂੰ ਬਾਖੂਬੀ ਪੂਰਾ ਕੀਤਾ। ਬ੍ਰਿਸਬੇਨ ਵਿਚ ਖੇਡੇ ਗਏ ਚੌਥੇ ਟੈਸਟ ਵਿਚ ਉਸ ਨੇ ਨੌਜਵਾਨ ਭਾਰਤੀ ਗੇਂਦਬਾਜ਼ਾਂ ਦੀ ਅਗਵਾਈ ਕਰਦੇ ਹੋਏ ਇਸ ਖੇਡ ਦੇ ਸਭ ਤੋਂ ਲੰਬੇ ਸਵਰੂਪ ਵਿਚ ਪਹਿਲੀ ਵਾਰ ਪੰਜ ਵਿਕਟਾਂ (ਦੂਜੀ ਪਾਰੀ ਵਿਚ) ਲਈਆਂ। ਉਸ ਨੇ ਗਾਬਾ ਵਿਚ ਖੇਡੇ ਗਏ ਇਸ ਫੈਸਲਾਕੁੰਨ ਮੁਕਾਬਲੇ ਵਿਚ 150 ਦੌੜਾਂ ਦੇ ਕੇ 7 ਵਿਕਟਾਂ ਲਈਆਂ। ਇਸ ਮੈਚ ਨੂੰ ਭਾਰਤੀ ਟੀਮ ਨੇ ਤਿੰਨ ਵਿਕਟਾਂ ਨਾਲ ਜਿੱਤ ਕੇ ਲੜੀ ਵਿਚ ਇਤਿਹਾਸਕ ਸਫਲਤਾ ਹਾਸਲ ਕੀਤੀ। ਉਸ ਨੇ ਵੀਰਵਾਰ ਨੂੰ ਭਾਰਤ ਪਰਤਣ ’ਤੇ ਕਿਹਾ ਸੀ ਕਿ ਸਿਡਨੀ ਟੈਸਟ ਵਿਚ ਦਰਸ਼ਕਾਂ ਵਲੋਂ ਨਸਲੀ ਟਿੱਪਣੀਆਂ ਕੀਤੇ ਜਾਣ ਤੋਂ ਬਾਅਦ ਮੈਦਾਨੀ ਅੰਪਾਇਰਾਂ ਨੇ ਉਸਦੀ ਟੀਮ ਨੂੰ ਤੀਜਾ ਟੈਸਟ ਵਿਚਾਲੇ ਛੱਡਣ ਦਾ ਬਦਲ ਦਿੱਤਾ ਸੀ, ਜਿਸ ਨੂੰ ਕਪਤਾਨ ਅਜਿੰਕਯ ਰਹਾਨੇ ਨੇ ਠੁਕਰਾ ਦਿੱਤਾ। ਉਹ ਵਤਨ ਪਰਤਣ ’ਤੇ ਆਪਣੇ ਘਰ ਜਾਣ ਤੋਂ ਪਹਿਲਾਂ ਮਰਹੂਮ ਪਿਤਾ ਦੀ ਕਬਰ ’ਤੇ ਫੁੱਲ ਚੜ੍ਹਾਉਣ ਗਿਆ ਸੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh