ਸਿੰਧੂ ਸੈਮੀਫਾਈਨਲ ''ਚ, ਸਮੀਰ ਬਾਹਰ

09/16/2017 3:28:44 AM

ਸੋਲ— ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਦਿਆਂ ਜਾਪਾਨ ਦੀ ਮਿਨਾਤਸੂ ਮਿਤਾਨੀ ਨੂੰ ਸ਼ੁੱਕਰਵਾਰ 21-19, 16-21, 21-10 ਨਾਲ ਹਰਾ ਕੇ ਕੋਰੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਣ ਤੋਂ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੀ ਸਿੰਧੂ ਨੇ ਜਾਪਾਨੀ ਖਿਡਾਰਨ ਤੋਂ ਆਪਣਾ ਕੁਆਰਟਰ ਫਾਈਨਲ ਮੁਕਾਬਲਾ ਇਕ ਘੰਟਾ ਤਿੰਨ ਮਿੰਟ 'ਚ ਜਿੱਤਿਆ। ਵਿਸ਼ਵ ਰੈਂਕਿੰਗ 'ਚ ਚੌਥੇ ਨੰਬਰ ਦੀ ਭਾਰਤੀ ਖਿਡਾਰਨ ਨੇ ਮਿਤਾਨੀ ਵਿਰੁੱਧ ਹੁਣ ਆਪਣਾ ਕਰੀਅਰ ਰਿਕਾਰਡ 2-1 ਕਰ ਲਿਆ ਹੈ। ਸਿੰਧੂ ਤਾਂ ਸੈਮੀਫਾਈਨਲ 'ਚ ਪਹੁੰਚ ਗਈ ਪਰ ਪੁਰਸ਼ ਸਿੰਗਲਜ਼ ਵਿਚ ਭਾਰਤ ਦੇ ਸਮੀਰ ਵਰਮਾ ਦੀ ਚੁਣੌਤੀ ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ ਟਾਪ ਸੀਡ ਕੋਰੀਆ ਦੇ ਸੋਨ ਵਾਨ ਹੋ ਨਾਲ ਟਕਰਾ ਕੇ ਟੁੱਟ ਗਈ। ਕੋਰੀਆਈ ਖਿਡਾਰੀ ਨੇ ਇਹ ਮੁਕਾਬਲਾ 1 ਘੰਟਾ 9 ਮਿੰਟ ਦੇ ਸੰਘਰਸ਼ 'ਚ 20-22, 21-10, 21-13 ਨਾਲ ਜਿੱਤਿਆ। 
ਇਸ ਵਿਚਾਲੇ ਸਮੀਰ ਵਰਮਾ ਦਾ ਟੂਰਨਾਮੈਂਟ 'ਚ ਸਫਰ ਕੁਆਰਟਰ ਫਾਈਨਲ 'ਚ ਸ਼ਲਾਘਾਯੋਗ ਸੰਘਰਸ਼ ਤੋਂ ਬਾਅਦ ਖਤਮ ਹੋ ਗਿਆ। ਵਿਸ਼ਵ ਦੇ 25ਵੇਂ ਨੰਬਰ ਦੇ ਖਿਡਾਰੀ ਸਮੀਰ ਦਾ ਨੰਬਰ ਇਕ ਸੋਨ ਵਾਨ ਵਿਰੁੱਧ ਇਸ ਤੋਂ ਪਹਿਲਾਂ 1-0 ਦਾ ਰਿਕਾਰਡ ਸੀ। ਸਮੀਰ ਨੇ ਸੋਨ ਵਾਨ ਨੂੰ ਇਸ ਸਾਲ ਮਾਰਚ 'ਚ ਇੰਡੀਆ ਓਪਨ ਵਿਚ ਹਰਾਇਆ ਸੀ। ਸਮੀਰ ਨੇ ਪਹਿਲੇ ਸੈੱਟ 'ਚ ਗੇਮ ਪੁਆਇੰਟ ਨਾਲ ਵਾਪਸੀ ਕਰਦਿਆਂ ਲਗਾਤਾਰ ਤਿੰਨ ਅੰਕ ਲੈ ਕੇ 22-20 ਨਾਲ ਪਹਿਲਾ ਸੈੱਟ ਜਿੱਤ ਕੇ ਕੋਰੀਆਈ ਖਿਡਾਰੀ ਨੂੰ ਹੈਰਾਨ ਕਰ ਦਿੱਤਾ ਪਰ ਦੂਜੇ ਸੈੱਟ 'ਚ 7-7 ਦੀ ਬਰਾਬਰੀ ਤੋਂ ਬਾਅਦ ਸੋਨ ਵਾਨ ਨੇ ਲਗਾਤਾਰ 9 ਅੰਕ ਲਏ ਤੇ 17-6 ਦੀ ਬੜ੍ਹਤ ਤੋਂ ਬਾਅਦ ਦੂਜਾ ਸੈੱਟ 21-10 ਨਾਲ ਜਿੱਤ ਲਿਆ। ਫੈਸਲਾਕੁੰਨ ਸੈੱਟ 'ਚ ਸੋਨ ਵਾਨ ਨੇ ਸ਼ੁਰੂਆਤ ਤੋਂ ਬੜ੍ਹਤ ਬਣਾਈ ਰੱਖੀ ਤੇ ਇਸ ਸੈੱਟ ਨੂੰ 21-13 ਨਾਲ ਜਿੱਤ ਕੇ ਸੈਮੀਫਾਈਨਲ 'ਚ ਸਥਾਨ ਪੱਕਾ ਕਰ ਲਿਆ। ਪੁਰਸ਼ ਡਬਲਜ਼ 'ਚ ਭਾਰਤੀ ਸੰਘਰਸ਼ ਖਤਮ : ਇਸ ਵਿਚਾਲੇ ਪੁਰਸ਼ ਡਬਲਜ਼ 'ਚ ਸਾਤਿਵਕਸੈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਮੁਹਿੰਮ ਕੁਆਰਟਰ ਫਾਈਨਲ 'ਚ ਖਤਮ ਹੋ ਗਈ। ਭਾਰਤੀ ਜੋੜੀ ਨੂੰ ਤੀਜੀ ਸੀਡ ਜਾਪਾਨੀ ਜੋੜੀ ਤਾਕੇਸ਼ੀ ਕਾਮੂਰਾ ਤੇ ਕਿਗੋ ਸੋਨੋਦਾ ਨੇ 55 ਮਿੰਟ ਦੇ ਸੰਘਰਸ਼ 'ਚ 21-14, 17-21, 21-15 ਨਾਲ ਹਰਾਇਆ।