ਸਿੰਧੂ ਕੁਆਰਟਰਫਾਈਨਲ ''ਚ

11/23/2017 5:30:55 PM

ਕੋਲੂਨ (ਹਾਂਗਕਾਂਗ), (ਬਿਊਰੋ)— ਓਲੰਪਿਕ ਤਗਮਾ ਜੇਤੂ ਅਤੇ ਦੇਸ਼ ਦੀ ਸਟਾਰ ਮਹਿਲਾ ਸ਼ਟਲਰ ਪੀ.ਵੀ. ਸਿੰਧੂ ਨੇ ਵੀਰਵਾਰ ਨੂੰ ਚਾਰ ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਹਾਂਗਕਾਂਗ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਵਿਸ਼ਵ ਦੀ ਤੀਜੇ ਨੰਬਰ ਦੀ ਮਹਿਲਾ ਖਿਡਾਰਨ ਸਿੰਧੂ ਨੇ ਸਿੰਗਲ ਦੇ ਦੂਜੇ ਦੌਰ 'ਚ ਜਾਪਾਨ ਦੀ ਆਇਆ ਓਹੋਰੀ ਨੂੰ 39 ਮਿੰਟ 'ਚ ਲਗਾਤਾਰ ਗੇਮਾਂ 'ਚ 21-14, 21-17 ਨਾਲ ਹਰਾਇਆ। ਇਸੇ ਸਾਲ ਏਸ਼ੀਆ ਚੈਂਪੀਅਨਸ਼ਿਪ 'ਚ ਵੀ ਭਾਰਤੀ ਸ਼ਟਲਰ ਨੇ ਜਾਪਾਨੀ ਖਿਡਾਰਨ ਨੂੰ ਮਾਤ ਦਿੱਤੀ ਸੀ।

ਭਾਰਤੀ ਧਿਰ ਦੀ ਸਭ ਤੋਂ ਮਜ਼ਬੂਤ ਖਿਡਾਰਨ ਸਿੰਧੂ ਹੁਣ ਕੁਆਰਟਰਫਾਈਨਲ 'ਚ ਪੰਜਵਾਂ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੂਚੀ ਨਾਲ ਭਿੜੇਗੀ। ਦੋਹਾਂ ਖਿਡਾਰਨਾਂ ਵਿਚਾਲੇ ਇਸ ਮੁਕਾਬਲੇ ਨੂੰ ਕਾਫੀ ਹਾਈ ਪ੍ਰੋਫਾਈਲ ਕਿਹਾ ਜਾ ਸਕਦਾ ਹੈ ਜਿੱਥੇ ਤੀਜੀ ਰੈਂਕਿੰਗ ਦੀ ਸਿੰਧੂ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਯਾਮਾਗੂਚੀ ਦਾ ਕਰੀਅਰ 'ਚ 6ਵੀਂ ਵਾਰ ਸਾਹਮਣਾ ਕਰੇਗੀ। ਹਾਲਾਂਕਿ ਰਿਕਾਰਡ ਦੇ ਮਾਮਲੇ 'ਚ ਭਾਰਤੀ ਖਿਡਾਰਨ 3-2 ਨਾਲ ਅੱਗੇ ਹੈ। ਸਿੰਧੂ ਕੋਲ ਜਾਪਾਨੀ ਖਿਡਾਰਨ ਨਾਲ ਇਸ ਸਾਲ ਫ੍ਰੈਂਚ ਓਪਨ ਦੇ ਸੈਮੀਫਾਈਨਲ 'ਚ ਮਿਲੀ ਹਾਰ ਦਾ ਬਦਲਾ ਚੁਕਤਾ ਕਰਨ ਦਾ ਵੀ ਮੌਕਾ ਰਹੇਗਾ। ਇਸ ਤੋਂ ਇਲਾਵਾ ਟੂਰਨਾਮੈਂਟ 'ਚ ਹੁਣ ਸਿਰਫ ਸਾਇਨਾ ਨੇਹਵਾਲ ਅਤੇ ਐੱਚ.ਐੱਸ. ਪ੍ਰਣਯ ਹੀ ਬਾਕੀ ਭਾਰਤੀ ਖਿਡਾਰੀ ਹਨ।