ਸੋਨੇ ਲਈ ਭਿੜਨਗੀਆਂ ਸਿੰਧੂ ਤੇ ਸਾਇਨਾ

04/15/2018 2:28:32 AM

ਨਵੀਂ ਦਿੱਲੀ— ਭਾਰਤੀ ਬੈਡਮਿੰਟਨ ਦੀਆਂ ਦੋ ਕੁਈਨਜ਼ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਵਿਚਾਲੇ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਸਿੰਗਲਜ਼ ਸੋਨੇ ਲਈ ਜ਼ਬਰਦਸਤ ਮੁਕਾਬਲਾ ਹੋਵੇਗਾ, ਜਦਕਿ ਦੁਨੀਆ ਦੇ ਨੰਬਰ ਇਕ ਪੁਰਸ਼ ਖਿਡਾਰੀ ਭਾਰਤ ਦੇ ਹੀ ਕਿਦਾਂਬੀ ਸ਼੍ਰੀਕਾਂਤ ਨੇ ਸੋਨ ਤਮਗਾ ਮੁਕਾਬਲੇ 'ਚ ਜਗ੍ਹਾ ਬਣਾ ਲਈ ਹੈ। ਇਸ ਦੇ ਨਾਲ ਹੀ ਮਹਿਲਾ ਡਬਲਜ਼ ਵਿਚ ਐੱਨ. ਸਿੱਕੀ ਰੈੱਡੀ ਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਨੇ ਕਾਂਸੀ ਤਮਗਾ ਜਿੱਤ ਲਿਆ।
ਮਹਿਲਾ ਸਿੰਗਲਜ਼ ਸੋਨੇ ਦਾ ਮੁਕਾਬਲਾ ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਤੇ ਸਾਬਕਾ ਨੰਬਰ ਇਕ ਸਾਇਨਾ ਵਿਚਾਲੇ ਹੋਵੇਗਾ, ਜਦਕਿ ਪੁਰਸ਼ ਖਿਤਾਬ ਲਈ ਸ਼੍ਰੀਕਾਂਤ ਦੇ ਸਾਹਮਣੇ ਸਾਬਕਾ ਨੰਬਰ ਇਕ ਮਲੇਸ਼ੀਆ ਦੇ ਲੀ ਚੋਂਗ ਵੇਈ ਦੀ ਚੁਣੌਤੀ ਹੋਵੇਗੀ। ਇਹ ਪਹਿਲਾ ਮੌਕਾ ਹੈ, ਜਦੋਂ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿਚ ਭਾਰਤ ਦੀਆਂ ਦੋ ਮਹਿਲਾ ਸ਼ਟਲਰ ਆਹਮੋ-ਸਾਹਮਣੇ ਹੋਣਗੀਆਂ।
ਪੁਰਸ਼ ਡਬਲਜ਼ ਸੋਨੇ ਲਈ ਸਾਤਵਿਕਸੇਰਾਜ ਰੈਂਕੀ ਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਦੇ ਸਾਹਮਣੇ ਇੰਗਲੈਂਡ ਦੇ ਮਾਰਕਸ ਐਲਿਸ ਤੇ ਕ੍ਰਿਸ ਲੈਂਗਰਿਜ ਚੁਣੌਤੀ ਪੇਸ਼ ਕਰਨਗੇ। ਭਾਰਤ ਦੇ ਬੈਡਮਿੰਟਨ ਵਿਚ ਇਕ ਸੋਨ ਤੇ 3 ਚਾਂਦੀ ਤਮਗੇ ਪੱਕੇ ਹੋ ਚੁੱਕੇ ਹਨ। ਭਾਰਤ ਨੇ ਇਨ੍ਹਾਂ ਖੇਡਾਂ ਵਿਚ ਪਹਿਲਾਂ ਹੀ ਟੀਮ ਮੁਕਾਬਲਿਆਂ ਦਾ ਸੋਨ ਤਮਗਾ ਜਿੱਤ ਲਿਆ। 
ਇਸ ਵਿਚਾਲੇ ਮਹਿਲਾ ਡਬਲਜ਼ ਮੁਕਾਬਲੇ ਵਿਚ ਐੱਨ. ਸਿੱਕੀ ਰੈੱਡੀ ਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਨੇ ਆਸਟਰੇਲੀਆਈ ਜੋੜੀ ਨੂੰ 21-19, 21-19 ਨਾਲ ਹਰਾ ਕੇ ਕਾਂਸੀ ਤਮਗਾ ਜਿੱਤ ਲਿਆ ਪਰ ਐੱਚ. ਐੱਸ. ਪ੍ਰਣਯ ਨੂੰ ਕਾਂਸੀ ਤਮਗਾ ਮੁਕਾਬਲੇ 'ਚ ਇੰਗਲੈਂਡ ਦੇ ਰਾਜੀਵ ਓਸੇਫ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।