ਸਿੰਧੂ ਤੇ ਸਾਇਨਾ ਖਿਤਾਬੀ ਟੱਕਰ ਤੋਂ ਇਕ ਕਦਮ ਦੂਰ

11/07/2017 2:03:57 AM

ਨਾਗਪੁਰ— ਦੇਸ਼ ਦੀਆਂ ਦੋ ਚੋਟੀ ਦੀਆਂ ਖਿਡਾਰਨਾਂ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਨੇ ਸੋਮਵਾਰ 82ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਵਰਗ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਤੇ ਹੁਣ ਉਹ ਖਿਤਾਬੀ ਟੱਕਰ ਤੋਂ ਸਿਰਫ ਇਕ ਕਦਮ ਦੂਰ ਰਹਿ ਗਈਆਂ ਹਨ।
ਸਿੱਧੇ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਹਾਸਲ ਕਰਨ ਵਾਲੀ ਟਾਪ ਸੀਡ ਪੀ. ਵੀ. ਸਿੰਧੂ ਨੇ ਕੁਆਲੀਫਾਇਰ ਰੇਵਤੀ ਦੇਵਸਥਲੇ ਨੂੰ 21-16, 21-2 ਨਾਲ ਹਰਾਇਆ ਅਤੇ ਕੁਆਰਟਰ ਫਾਈਨਲ 'ਚ ਉਸ ਨੇ ਸੱਤਵੀਂ ਸੀਡ ਸ਼੍ਰੇਆਂਸ਼ੀ ਪਰਦੇਸੀ ਨੂੰ 21-11, 21-17 ਨਾਲ ਹਰਾਇਆ। ਸਿੰਧੂ ਦਾ ਸੈਮੀਫਾਈਨਲ 'ਚ ਕੁਆਲੀਫਾਇਰ ਰੁਤਵਿਕਾ ਸ਼ਿਵਾਨੀ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਤੀਜੀ ਸੀਡ ਸਾਈ ਉਤੇਜਿਤਾ ਰਾਓ ਨੂੰ 21-14, 21-8 ਨਾਲ ਹਰਾਇਆ।
ਦੂਜੇ ਪਾਸੇ ਦੂਜਾ ਦਰਜਾ ਪ੍ਰਾਪਤ ਸਾਇਨਾ ਨੇਹਵਾਲ ਨੇ ਕੁਆਲੀਫਾਇਰ ਆਕ੍ਰਿਸ਼ੀ ਕਸ਼ਯਪ ਨੂੰ 21-17, 21-10 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਸੈਮੀਫਾਈਨਲ 'ਚ ਉਸ ਦਾ ਮੁਕਾਬਲਾ ਪੰਜਵੀਂ ਸੀਡ ਅਨੁਰਾ ਪ੍ਰਭੂਦੇਸਾਈ ਨਾਲ ਹੋਵੇਗਾ, ਜਿਸ ਨੇ ਸ਼ੈਲੀ ਰਾਣੇ ਨੂੰ 21-19, 21-9 ਨਾਲ ਹਰਾਇਆ। 
ਪੁਰਸ਼ ਵਰਗ 'ਚ ਟਾਪ ਸੀਡ ਕਿਦਾਂਬੀ ਸ਼੍ਰੀਕਾਂਤ, ਦੂਜੀ ਸੀਡ ਐੱਚ. ਐੱਸ. ਪ੍ਰਣਯ, ਤੀਜੀ ਸੀਡ ਬੀ. ਸਾਈ ਪ੍ਰਣੀਤ, ਚੌਥੀ ਸੀਡ ਅਜੇ ਜੈਰਾਮ ਤੇ ਪੰਜਵੀਂ ਸੀਡ ਪਰੂਪੱਲੀ ਕਸ਼ਯਪ ਕੁਆਰਟਰ ਫਾਈਨਲ 'ਚ ਪਹੁੰਚ ਗਏ ਹਨ।