ਸਿੰਧੂ, ਸਾਇਨਾ ਤੇ ਸਮੀਰ ਏਸ਼ੀਆਈ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਦੌਰ ''ਚ

04/24/2019 4:09:23 PM

ਸਪੋਰਟਸ ਡੈਸਕ : ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਭਾਰਤ ਦੀ ਪੀ. ਵੀ. ਸਿੰਧੂ, 7ਵੀਂ ਸੀਡ ਪ੍ਰਾਪਤ ਸਾਇਨਾ ਨੇਹਵਾਲ ਅਤੇ ਗੈਰ ਦਰਜਾ ਪ੍ਰਾਪਤ ਸਮੀਰ ਵਰਮਾ ਨੇ ਏਸ਼ੀਆਈ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਬੁੱਧਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਚੌਥਾ ਦਰਜਾ ਪ੍ਰਾਪਤ ਸਿੰਧੂ ਨੇ ਪਹਿਲੇ ਰਾਊਂਡ ਵਿਚ ਜਾਪਾਨ ਦੀ ਸਿਆਕਾ ਤਾਕਾਸ਼ਾਹੀ ਨੂੰ ਸਿਰਫ 28 ਮਿੰਟਾਂ ਵਿਚ 21-14, 21-7 ਨਾਲ ਹਰਾਇਆ। ਸਿੰਧੂ ਨੇ ਇਸ ਜਿੱਤ ਨਾਲ ਤਾਕਾਸ਼ਾਹੀ ਖਿਲਾਫ 4-2 ਦਾ ਕਰੀਅਰ ਰਿਕਾਰਡ ਕਰ ਲਿਆ ਹੈ। ਸਿੰਧੂ ਪਿਛਲੇ ਸਾਲ ਦੇ ਆਖਰ ਵਿਚ ਵਰਲਡ ਟੂਰ ਫਾਈਨਲਸ ਦਾ ਖਿਤਾਬ ਜਿੱਤਣ ਤੋਂ ਬਾਅਦ ਆਪਣੇ ਪਹਿਲਾ ਖਿਤਾਬ ਜਿੱਤਣ ਦੀ ਭਾਲ ਵਿਚ ਹੈ।

7ਵੀਂ ਸੀਡ ਸਾਇਨਾ ਨੇ ਚੀਨ ਦੀ ਹੁਆਨ ਯੁਈ ਨੂੰ 1 ਘੰਟਾ 1 ਮਿੰਟ ਤੱਕ ਚੱਲੇ ਸੰਘਰਸ਼ ਵਿਚ 12-21, 21-11, 21-17 ਨਾਲ ਹਰਾ ਦਿੱਤਾ ਅਤੇ ਯੁਈ ਖਿਲਾਫ ਆਪਣਾ ਰਿਕਾਰਡ 1-1 ਕਰ ਲਿਆ। ਪੁਰਸ਼ ਮੁਕਾਬਲਿਆਂ ਵਿਚ ਸਮੀਰ ਨੇ ਜਾਪਾਨ ਦੇ ਕਾਜੁਮਾਸਾ ਸਕਈ ਦੀ ਚੁਣੌਤੀ 'ਤੇ ਇਕ ਘੰਟੇ 7 ਮਿੰਟ ਵਿਚ 21-13, 19=21, 21-17 ਨਾਲ ਕਾਬੂ ਪਾ ਲਿਆ। ਸਮੀਰ ਨੇ ਕਾਜੂਮਾਸਾ ਖਿਲਾਫ ਆਪਣਾ ਰਿਕਾਰਡ 2-2 ਕਰ ਲਿਆ। ਸਿੰਧੂ ਦਾ ਦੂਜੇ ਦੌਰ ਵਿਚ ਇੰਡੋਨੇਸ਼ੀਆ ਦੀ ਚੋਰੂਨਿਸਾ ਨਾਲ ਮੁਕਾਬਲਾ ਹੋਵੇਗਾ ਜਦਕਿ ਸਾਹਮਣੇ ਕੋਰੀਆ ਦੀ ਕਿਮ ਗਾ ਯੁਨ ਦੀ ਚੁਣੌਤੀ ਹੋਵੇਗੀ। ਸਮੀਰ ਦੂਜੇ ਦੌਰ ਵਿਚ ਹਾਂਗਕਾਂਗ ਦੇ ਐੱਨ ਕਾ ਲਾਂਗ ਏਂਗਸ ਨਾਲ ਭਿੜਨਗੇ। ਪੁਰਸ਼ ਡਬਲਜ਼ ਵਿਚ ਐੱਮ ਆਰ ਅਰਜੁਨ ਅਤੇ ਰਾਮਚੰਦਰਨ ਸ਼ਲੋਕ ਨੂੰ ਪਹਿਲੇ ਦੌਰ ਵਿਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਮਹਿਲਾ ਡਬਲਜ਼ ਵਿਚ ਜੇ ਮੇਘਨਾ ਅਤੇ ਪੂਰਵਿਸ਼ਾ ਐੱਸ ਰਾਮ ਦੀ ਜੋੜੀ ਵੀ ਹਾਰ ਗਈ।