ਹਾਲੇਪ ਲਗਾਤਾਰ ਅੱਠ ਜਿੱਤ ਦੇ ਨਾਲ ਸਿਨਸਿਨਾਟੀ ਸੈਮੀਫਾਈਨਲ ''ਚ

08/18/2018 3:42:13 PM

ਸਿਨਸਿਨਾਟੀ— ਵਿਸ਼ਵ ਦੀ ਨੰਬਰ ਇਕ ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਐਸ਼ਲੇ ਬਾਰਟੀ ਅਤੇ ਫਿਰ ਲੇਸੀਆ ਸੁਰੇਂਕੋ ਦੇ ਖਿਲਾਫ ਇਕ ਹੀ ਦਿਨ 'ਚ ਦੋ ਅਹਿਮ ਮੁਕਾਬਲੇ ਜਿੱਤਦੇ ਹੋਏ ਮੀਂਹ ਨਾਲ ਪ੍ਰਭਾਵਿਤ ਸਿਨਸਿਨਾਟੀ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਹਾਲੇਪ ਹੁਣ ਫਾਈਨਲ 'ਚ ਪ੍ਰਵੇਸ਼ ਕਰਨ ਲਈ ਆਰਯਨਾ ਸਬਲੇਂਕੋ ਦੇ ਖਿਲਾਫ ਮੈਚ ਖੇਡੇਗੀ। ਬੇਲਾਰੂਸ ਦੀ ਗੈਰ ਦਰਜਾ ਪ੍ਰਾਪਤ ਸਬਾਲੇਂਕੋ ਨੇ 10 ਬ੍ਰੇਕ ਅੰਕ ਬਚਾਉਂਦੇ ਹੋਏ ਅਮਰੀਕਾ ਦੀ ਮੈਡੀਸਨ ਕੀਜ਼ ਨੂੰ ਲਗਾਤਾਰ ਸੈਟਾਂ 'ਚ 6-3, 6-4 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਹੈ। 

ਇਕ ਹੋਰ ਸੈਮੀਫਾਈਨਲ 'ਚ ਚੈਕ ਗਣਰਾਜ ਦੀ ਪੇਤਰਾ ਕਵੀਤੋਵਾ ਨੇ ਗੈਰ ਦਰਜਾ ਪ੍ਰਾਪਤ ਹਾਲੈਂਡ ਦੀ ਕਿਟੀ ਬਰਟੇਂਸ ਨੂੰ 7-5, 5-7, 6-3 ਨਾਲ ਹਰਾਇਆ। ਚੋਟੀ ਦਾ ਦਰਜਾ ਪ੍ਰਾਪਤ ਹਾਲੇਪ ਨੇ ਦਿਨ ਦੇ ਪਹਿਲੇ ਮੈਚ 'ਚ ਬਾਰਟੀ ਨੂੰ 7-5, 6-4 ਨਾਲ ਹਰਾਇਆ ਜਦਕਿ ਸੁਰੇਂਕੋ ਨੂੰ 6-4, 6-1 ਨਾਲ ਹਰਾ ਕੇ ਲਗਾਤਾਰ ਅੱਠ ਮੈਚ ਜਿੱਤਣ ਦੀ ਉਪਲਬਧੀ ਵੀ ਦਰਜ ਕਰ ਲਈ। ਸੁਰੇਂਕੋ ਕੋਲ ਹਾਲਾਂਕਿ ਪਹਿਲੇ ਸੈਟ 'ਚ ਤੀਹਰੇ ਬ੍ਰੇਕ ਅੰਕ ਸਨ ਅਤੇ ਉਹ 5-1 ਨਾਲ ਬੜ੍ਹਤ 'ਤੇ ਸੀ ਪਰ ਫਿਰ ਉਹ ਇਸ ਮੌਕੇ ਦਾ ਲਾਹਾ ਨਾ ਲੈ ਸਕੀ। ਰੋਮਾਨੀਆਈ ਖਿਡਾਰਨ ਨੇ ਪਿੱਛੜਨ ਦੇ ਬਾਅਦ ਫਿਰ 12 'ਚੋਂ ਆਖਰੀ 11 ਗੇਮ ਜਿੱਤਦੇ ਹੋਏ ਪਹਿਲਾ ਸੈਟ ਜਿੱਤਿਆ ਅਤੇ ਦੂਜੇ ਸੈੱਟ 'ਚ ਇਕਤਰਫਾ ਜਿੱਤ ਦਰਜ ਕੀਤੀ। ਉਹ ਪਿਛਲੇ ਹਫਤੇ ਰੋਜਰਸ ਕੱਪ ਦੇ ਬਾਅਦ ਤੋਂ ਕੋਈ ਵੀ ਮੈਚ ਨਹੀਂ ਹਾਰੀ ਹੈ। ਹਾਲੇਪ ਨੇ ਕਿਹਾ, ''ਮੇਰੇ ਲਈ ਦਿਨ ਮੁਸ਼ਕਲ ਸੀ। ਮੈਂ ਬਹੁਤ ਥਕ ਗਈ ਹਾਂ ਪਰ ਦੋਵੇਂ ਮੈਚ ਜਿੱਤ ਕੇ ਖ਼ੁਸ਼ ਵੀ ਹਾਂ। ਮੈਂ ਮਾਂਟ੍ਰੀਅਲ 'ਚ ਜਿੱਤਣ ਦੇ ਬਾਅਦ ਹੋਰ ਮੈਚ ਜਿੱਤਣਾ ਚਾਹੁੰਦੀ ਸੀ।