ਹਾਲੇਪ ਬਣੀ ਚੈਂਪੀਅਨ, ਤੋੜਿਆ ਸਰੇਨਾ ਦਾ ਸੁਪਨਾ

07/14/2019 11:04:09 AM

ਸਪੋਰਟਸ ਡੈਸਕ - 7ਵੀਂ ਸੀਡ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਅਮਰੀਕਾ ਦੀ ਸਰੇਨਾ ਵਿਲੀਅਮਸਨ ਨੂੰ ਸ਼ਨੀਵਾਰ ਨੂੰ ਲਗਾਤਾਰ ਸੈੱਟਾਂ ਵਿਚ 6-2, 6-2 ਨਾਲ ਹਰਾ ਕੇ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦਾ ਮਹਿਲਾ ਸਿੰਗਲ ਖਿਤਾਬ ਪਹਿਲੀ ਵਾਰ ਜਿੱਤ ਲਿਆ। ਸਰੇਨਾ ਨੂੰ 24ਵੇਂ ਗ੍ਰੈਂਡ ਸਲੈਮ ਖਿਤਾਬ ਤੋਂ ਵਾਂਝਾ ਕਰ ਦਿੱਤਾ।ਸਾਬਕਾ ਨੰਬਰ ਇਕ ਹਾਲੇਪ ਨੇ ਇਹ ਮੁਕਾਬਲਾ ਸਿਰਫ 55 ਮਿੰਟ ਵਿਚ ਖਤਮ ਕਰ ਕੇ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸਰੇਨਾ ਨੂੰ ਮਾਰਗਰੇਟ ਕੋਰਟ ਦੇ 24 ਗ੍ਰੈਂਡ ਸਲੈਮ ਖਿਤਾਬ ਦੀ ਬਰਾਬਰੀ ਕਰਨ ਤੋਂ ਰੋਕ ਦਿੱਤਾ। ਹਾਲੇਪ ਦਾ ਇਹ ਦੂਜਾ ਗ੍ਰੈਂਡ ਸਲੈਮ ਖਿਤਾਬ ਹੈ। ਉਸ ਨੇ ਪਿਛਲੇ ਸਾਲ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ।

ਹਾਲੇਪ ਨੇ ਟਰਾਫੀ ਜਿੱਤਣ ਤੋਂ ਬਾਅਦ ਕਿਹਾ, ''ਜਦੋਂ ਮੈਂ 10 ਸਾਲ ਦੀ ਸੀ ਤਾਂ ਮੇਰੀ ਮਾਂ ਨੇ ਕਿਹਾ ਸੀ ਕਿ ਜੇਕਰ ਮੈਂ ਟੈਨਿਸ 'ਚ ਕੁਝ ਕਰਨਾ ਚਾਹੁੰਦੀ ਹਾਂ ਤਾਂ ਮੈਨੂੰ ਵਿੰਬਲਡਨ ਦੇ ਫਾਈਨਲ 'ਚ ਖੇਡਣਾ ਹੋਵੇਗਾ।  ਉਨ੍ਹਾਂ ਨੇ ਕਿਹਾ, ''ਮੈਂ ਕਾਫ਼ੀ ਨਰਵਸ ਸੀ ਤੇ ਮੇਰਾ ਢਿੱਡ ਵੀ ਠੀਕ ਨਹੀਂ ਸੀ। ਮੈਂ ਇਸ ਤੋਂ ਬਿਹਤਰ ਮੈਚ ਕਦੇ ਨਹੀਂ ਖੇਡਿਆ। ਉਥੇ ਹੀ ਸੇਰੇਨਾ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਵਿਰੋਧੀ ਕਾਫ਼ੀ ਮੁਸ਼ਕਿਲ ਸੀ। ਉਨ੍ਹਾਂ ਨੇ ਕਿਹਾ, ''ਮੈਂ ਟੂਰਨਾਮੈਂਟ ਦੇ ਸ਼ੁਰੂ 'ਚ ਕਿਹਾ ਸੀ ਕਿ ਮੇਰੇ ਲਈ ਪ੍ਰੇਰਨਾ ਦੀ ਇਕ ਗੱਲ ਜਿੱਤ ਕੇ ਕਲੱਬ ਦਾ ਆਜੀਵਨ ਮੈਂਬਰ ਬਣਨਾ ਸੀ। ਉਨ੍ਹਾਂ ਨੇ ਕਿਹਾ, ''ਉਹ ਚਤੁਰਾਈ ਨਾਲ ਖੇਡੀ। ਮੈਂ ਉਸ ਨੂੰ ਚੁਣੋਤੀ ਨਹੀਂ ਦੇ ਪਾਈ।