ਇਸ ਵਾਰ ਫਿਰ IPL 'ਚ ਧੂਮ ਮਚਾਏਗਾ ਇਹ ਪੰਜਾਬੀ ਮੁੰਡਾ, ਜਲਦ ਆਵੇਗਾ ਟੀਮ ਇੰਡੀਆ 'ਚ ਨਜ਼ਰ

03/10/2020 12:16:21 PM

ਨਵੀਂ ਦਿੱਲੀ : ਖੂਨ ਜਵਾਨ ਹੈ, ਜੋਸ਼ ਬਹੁਤ ਜ਼ਿਆਦਾ। ਉਸ ਦੇ ਅੰਦਰ ਉਹ ਸਾਰੇ ਗੁਣ ਹਨ ਜੋ ਇਕ ਆਦਰਸ਼ ਅਤੇ ਲੰਬੇ ਦੌਰ 'ਤੇ ਖਿਡਾਰੀ ਵਿਚ ਉਮੀਦ ਕੀਤੀ ਜਾ ਸਕਦੀ ਹੈ। ਉਸ ਨੇ ਇਸ ਦੀ ਇਕ ਝਲਕ ਅੰਡਰ-19 ਵਰਲਡ ਕੱਪ 2018 ਵਿਚ ਦਿਖਾਈ ਸੀ। ਉਸ ਨੇ ਸਾਬਤ ਕਰ ਦਿੱਤਾ ਸੀ ਕਿ ਉਹ ਆਉਣ ਵਾਲੇ ਸਮੇਂ ਵਿਚ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਤਿਆਰ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਰਹਿਣ ਵਾਲੇ ਸ਼ੁਭਮਨ ਗਿੱਲ ਦੀ। ਸ਼ੁਭਮਨ ਗਿੱਲ ਨੂੰ ਭਾਰਤੀ ਕ੍ਰਿਕਟ ਦਾ ਦੂਜਾ ਵਿਰਾਟ ਕੋਹਲੀ ਵੀ ਕਿਹਾ ਜਾਂਦਾ ਹੈ। ਸ਼ੁਭਮਨ ਗਿੱਲ ਦਾ ਜਨਮ 8 ਸਤੰਬਰ 1999 ਵਿਚ ਪੰਜਾਬ ਦੇ ਫਾਜ਼ਿਲਕਾ ਜ਼ਿਲੇ ਵਿਚ ਹੋਇਆ। ਉਸ ਨੇ ਛੋਟੀ ਹੀ ਉਮਰ ਵਿਚ ਉਹ ਨਾਂ ਕਮਾ ਲਿਆ ਜਿਸ ਨੂੰ ਕਮਾਉਣ ਲਈ ਕ੍ਰਿਕਟਰਾਂ ਦੀ ਪੂਰੀ ਉਮਰ ਲੰਘ ਜਾਂਦੀ ਹੈ।

ਸ਼ੁਭਮਨ ਗਿੱਲ ਕ੍ਰਿਕਟ ਦਾ ਅਜਿਹਾ ਸਿਤਾਰਾ ਜਿਸ ਦੀ ਹਰ ਪਾਰੀ ਵਿਚ ਕੁਝ ਖਾਸ ਗੱਲ ਹੁੰਦੀ ਹੈ। ਵੈਸੇ ਬੱਲੇਬਾਜ਼ੀ ਕਰਦਿਆਂ ਦੌੜਾਂ ਤਾਂ ਕਈ ਬੱਲੇਬਾਜ਼ ਬਣਾਉਂਦੇ ਹਨ ਪਰ ਸ਼ੁਭਮਨ ਗਿੱਲ ਦੀ ਪਾਰੀ ਨੂੰ ਦੇਖ ਲੋਕ ਉਸ ਦੀ ਸ਼ਲਾਘਾ ਕੀਤਾ ਬਿਨਾ ਨਹੀਂ ਰਹਿੰਦੇ। ਅਜਿਹੇ 'ਚ ਪਾਰੀ ਛੋਟੀ ਹੋਵੇ ਜਾਂ ਵੱਡੀ ਉਸ ਨੂੰ ਖਾਸ ਬਣਾਉਣ ਵਿਚ ਸ਼ੁਭਮਨ ਗਿੱਲ ਨੂੰ ਮਹਾਰਤ ਹਾਸਲ ਹੈ ਅਤੇ ਇਹੀ ਸਮਰੱਥਾ ਅੱਜ ਉਸ ਨੂੰ ਭਾਰਤੀ ਕ੍ਰਿਕਟ ਦਾ ਭਵਿੱਖ ਬਣਾਉਂਦੀ ਹੈ।

ਕਿਸਾਨ ਪਰਿਵਾਰ ਵਿਚ ਜਨਮ

8 ਸਤੰਬਰ 1999 ਨੂੰ ਪੰਜਾਬ ਦੇ ਫਾਜ਼ਿਲਕਾ ਜ਼ਿਲੇ ਵਿਚ ਜਨਮੇ ਗਿੱਲ ਪਰਿਵਾਰ ਦੇ ਖੇਤ ਅਤੇ ਜ਼ਮੀਨਾਂ ਹਨ। ਸ਼ੁਭਮਨ ਦੇ ਪਿਤਾ ਦਾ ਨਾਂ ਲਖਵਿੰਦਰ ਸਿੰਘ ਹੈ। ਉਸ ਦੇ ਪਿਤਾ ਪਹਿਲਾਂ ਤੋਂ ਹੀ ਕ੍ਰਿਕਟ ਦੇ ਸ਼ੌਕੀਨ ਸਨ। ਉਹ ਬੱਚਿਆਂ ਨੂੰ ਕ੍ਰਿਕਟ ਸਿਖਾਉਣ ਦਾ ਕੰਮ ਵੀ ਕਰਦੇ ਸਨ। ਪਰਿਵਾਰ ਦੇ ਮੈਂਬਰ ਤਾਂ ਇਹ ਵੀ ਕਹਿੰਦੇ ਹਨ ਕਿ ਸ਼ੁਭਮਨ ਦੇ ਪਹਿਲੇ ਕੋਚ ਉਸ ਦੇ ਪਿਤਾ ਲਖਵਿੰਦਰ ਸਿੰਘ ਹਨ। ਲਖਵਿੰਦਰ ਸਿੰਘ ਜਦੋਂ-ਜਦੋਂ ਸਚਿਨ ਤੇਂਦੁਲਕਰ ਨੂੰ ਬੱਲੇਬਾਜ਼ੀ ਕਰਦੇ ਦੇਖਦੇ ਤਾਂ ਠਹਿਰ ਜਾਂਦੇ ਸੀ। ਬਾਅਦ ਵਿਚ ਸ਼ੁਭਮਨ ਦੇ ਪਿਤਾ ਨੂੰ ਆਪਣੇ ਬੇਟੇ ਵਿਚ ਵੀ ਕ੍ਰਿਕਟ ਦੇ ਗੁਣ ਦਿਸੇ ਅਤੇ 3 ਸਾਲ ਦੀ ਉਮਰ ਵਿਚ ਉਸ ਨੇ ਸ਼ੁਭਮਨ ਦੇ ਹੱਥ ਵਿਚ ਬੱਲਾ ਫੜਾ ਦਿੱਤਾ। ਸ਼ੁਭਮਨ ਦੇ ਪਿਤਾ ਖੇਤਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਬੇਟੇ ਦੀ ਬੈਟਿੰਗ ਪ੍ਰੈਕਟਿਸ ਵਿਚ ਮਦਦ ਲਈ ਗੇਂਦ ਸੁੱਟਣ ਲਈ ਕਹਿੰਦੇ ਸਨ। ਸ਼ੁਭਮਨ ਦੇ ਪਿਤਾ ਦਸਦੇ ਹਨ ਕਿ ਸ਼ੁਭਮਨ ਨੂੰ 3 ਸਾਲ ਦੀ ਉਮਰ ਤੋਂ ਹੀ ਕ੍ਰਿਕਟ ਵਿਚ ਦਿਲਚਸਪੀ ਸੀ। ਸ਼ੁਭਮਨ ਬੈਟ ਅਤੇ ਬਾਲ ਤੋਂ ਇਲਾਵਾ ਬਾਕੀ ਖਿਡੌਣਿਆਂ ਨਾਲ ਖੇਡਦੇ ਹੀ ਨਹੀਂ ਸੀ। ਉਸ ਦੀ ਕ੍ਰਿਕਟ ਨੂੰ ਲੈ ਕੇ ਦਿਲਚਸਪੀ ਦੇਖ ਕੇ ਉਸ ਦੇ ਪਿਤਾ ਨੇ ਪ੍ਰੋਫੈਸ਼ਨਲ ਕੌਚਿੰਗ ਦੇਣ ਲਈ ਮੋਹਾਲੀ ਵਿਚ ਪੀ. ਸੀ. ਏ. ਸਟੇਡੀਅਮ ਦੇ ਕੋਲ ਇਕ ਕਰਾਏ ਦਾ ਮਕਾਨ ਲਿਆ, ਜਿਸ ਕਾਰਨ ਗਿੱਲ ਦੀ ਕ੍ਰਿਕਟ ਕੋਚਿੰਗ ਸ਼ੁਰੂ ਹੋ ਗਈ।

ਕ੍ਰਿਕਟ ਕਰੀਅਰ ਦੀ ਸ਼ੁਰੂਆਤ

ਸ਼ੁਭਮਨ ਗਿੱਲ ਦੀ ਕ੍ਰਿਕਟ ਦੇ ਪ੍ਰਤੀ ਦਿਲਚਸਪੀ ਬਚਪਨ ਤੋਂ ਹੀ ਸੀ। ਸਚਿਨ ਤੇਂਦੁਲਕਰ ਨੂੰ ਕ੍ਰਿਕਟ ਖੇਡਦੇ ਦੇਖ ਸ਼ੁਭਮਨ ਵੀ ਕ੍ਰਿਕਟ ਬਣਨ ਦਾ ਸੁਪਨਾ ਦੇਖਣ ਲੱਗਾ। ਹਰ ਸਮੇਂ ਕ੍ਰਿਕਟ ਦੀਆਂ ਗੱਲਾਂ ਕਰਨਾ ਅਤੇ ਬੈਟ ਅਤੇ ਗੇਂਦ ਦੇ ਨਾਲ ਘੰਟਿਆਂ ਤਕ ਮੈਦਾਨ 'ਚ ਖੇਡਣਾ ਜਿਸ ਨੇ ਪਿਤਾ ਲਖਵਿੰਦਰ ਗਿੱਲ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਉਸ ਦੇ ਪਿਤਾ ਨੇ 8 ਸਾਲ ਦੀ ਉਮਰ ਵਿਚ ਸ਼ੁਭਮਨ ਦਾ ਦਾਖਲਾ ਕ੍ਰਿਕਟ ਇੰਸਚਿਟਿਊਟ ਵਿਚ ਕਰਵਾ ਦਿੱਤਾ ਤਾਂ ਜੋ ਉਹ ਕ੍ਰਿਕਟ ਨੂੰ ਚੰਗੀ ਤਰ੍ਹਾਂ ਸਿਖ ਸਕੇ।

ਘਰੇਲੂ ਕ੍ਰਿਕਟ ਵਿਚ ਡੈਬਿਊ

ਸ਼ੁਭਮਨ ਗਿੱਲ ਨੇ ਆਪਣੇ ਕ੍ਰਿਕਟਰ ਬਣਨ ਦੇ ਸੁਪਨੇ ਲਈ ਕਾਫੀ ਮਿਹਨਤ ਕੀਤੀ। ਕ੍ਰਿਕਟ ਦੀ ਸਮਝ ਅਤੇ ਹੁਨਰ ਦੀ ਵਜ੍ਹਾ ਤੋਂ ਸਿਰਫ 18 ਸਾਲ ਦੀ ਉਮਰ ਵਿਚ ਉਸ ਨੂੰ 2017 ਵਿਚ ਪੰਜਾਬ ਦੀ ਰਣਜੀ ਟੀਮ ਵਿਚ ਸ਼ਾਮਲ ਕਰ ਲਿਆ ਗਿਆ। ਸ਼ੁਭਮਨ ਨੇ 5 ਫਰਵਰੀ 2017 ਵਿਚ ਵਿਦਰਭ ਖਿਲਾਫ ਲਿਸਟ ਏ ਮੈਚਾਂ ਵਿਚ ਡੈਬਿਊ ਕੀਤਾ। ਆਪਣੇ ਪਹਿਲੇ ਲਿਸਟ ਏ ਮੈਚ ਵਿਚ ਗਿੱਲ ਨੇ ਸਿਰਫ 21 ਦੌੜਾਂ ਹੀ ਬਣਾਈਆਂ।

ਅੰਡਰ-19 ਵਰਲਡ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ

ਭਾਰਤੀ ਅੰਡਰ-19 ਟੀਮ ਨੇ ਸਾਲ 2018 ਵਿਚ ਹੋਏ ਵਰਲਡ ਕੱਪ 'ਤੇ ਕਬਜਾ ਕੀਤਾ ਸੀ। ਉਸ ਵਰਲਡ ਕੱਪ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸ਼ੁਭਮਨ ਗਿੱਲ ਹੀ ਰਹੇ। ਸ਼ੁਭਮਨ ਨੇ ਵਰਲਡ ਕੱਪ ਦੇ 6 ਮੈਚਾਂ ਵਿਚ 124 ਦੀ ਔਸਤ ਨਾਲ 372 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਇਕ ਸੈਂਕੜਾ ਵੀ ਲਗਾਇਆ ਅਤੇ 'ਮੈਨ ਆਫ ਦਿ ਸੀਰੀਜ਼' ਵੀ ਰਹੇ। ਪਿਛਲੇ ਸਾਲੇ ਅੰਡਰ-19 ਵਰਲਡ ਕੱਪ ਦੇ ਜ਼ਿਆਦਾਤਰ 'ਮੈਨ ਆਫ ਦਿ ਸੀਰੀਜ਼' ਖਿਡਾਰੀਆਂ ਦੇ ਭਵਿੱਖ ਨੂੰ ਦੇਖਦਿਆਂ ਤਾਂ ਇਹੀ ਲਗਦਾ ਹੈ ਕਿ ਇਸ ਗਿੱਲ ਦਾ ਭਵਿੱਖ ਕਾਫੀ ਸ਼ਾਨਦਾਰ ਰਹਿਣ ਵਾਲਾ ਹੈ।

ਆਈ. ਪੀ. ਐੱਲ. 'ਚ ਜਗ੍ਹਾ

ਆਈ. ਪੀ. ਐੱਲ. ਦੀ ਫ੍ਰੈਂਚਾਈਜ਼ੀ ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ੁਭਮਨ ਗਿੱਲ ਨੂੰ ਸਾਲ 2018 ਵਿਚ 1.80 ਕਰੋੜ ਵਿਚ ਆਪਣੀ ਟੀਮ ਵਿਚ ਸ਼ਾਮਲ ਕੀਤਾ। ਉਸ ਨੇ ਆਪਣੇ ਪਹਿਲੇ ਆਈ. ਪੀ. ਐੱਲ. ਸੀਜ਼ਨ ਵਿਚ 146.04 ਦੀ ਸਟ੍ਰਾਈਕ ਰੇਟ ਨਾਲ 203 ਦੌੜਾਂ ਬਣਾਈਆਂ। ਆਪਣੇ ਡੈਬਿਊ ਸੀਜ਼ਨ ਵਿਚ ਇਕ ਪਾਸੇ ਜਿੱਥੇ ਉਸ ਦੇ ਸ਼ਾਨਦਾਰ ਸਟ੍ਰਾਈਕ ਰੇਟ ਅਤੇ ਧਮਾਕੇਦਾਰ ਸ਼ਾਟਸ ਵਿਚ ਉਸ ਦੇ ਗੁਰੂ (ਵਿਰਾਟ ਕੋਹਲੀ) ਦਾ ਅਕਸ ਦਿਸ ਰਿਹਾ ਸੀ, ਉੱਥੇ ਹੀ ਬੱਲੇਬਾਜ਼ੀ ਵਿਚ ਉਸ ਦੀ ਤਕਨੀਕ ਇਕ ਹੋਰ ਮਹਾਨ ਬੱਲੇਬਾਜ਼ ਦੀ ਯਾਦ ਦਿਵਾ ਰਹੀ ਸੀ। ਹੁਣ ਆਗਾਮੀ ਸੀਜ਼ਨ ਵਿਚ ਵੀ ਉਸ ਦੇ ਪ੍ਰਸ਼ੰਸਕ ਉਸ ਤੋਂ ਅਜਿਹੇ ਹੀ ਧਮਾਕੇਦਾਰ ਪ੍ਰਦਰਸ਼ਨ ਦੀ ਉਮਦੀ ਕਰ ਰਹੇ ਹਨ।

ਦੱ. ਅਫਰੀਕਾ ਖਿਲਾਫ ਸੀਰੀਜ਼ ਲਈ ਟੀਮ 'ਚ ਮਿਲੀ ਜਗ੍ਹਾ
ਦੱਸ ਦਈਏ ਕਿ 12 ਮਾਰਚ ਤੋਂ ਸ਼ੁਰੂ ਹੋ ਰਹੀ ਦੱਖਣੀ ਅਫਰੀਕਾ ਖਿਲਾਫ 3 ਮੈਚਾਂ ਦੀ ਵਨ ਡੇ ਸੀਰੀਜ਼ ਲਈ ਸ਼ੁਭਮਨ ਗਿੱਲ ਨੂੰ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਨਿਊਜ਼ੀਲੈਂਡ ਦੌਰੇ 'ਤੇ ਟੈਸਟ ਸੀਰੀਜ਼ ਲਈ ਵੀ ਸੁਭਮਨ ਗਿੱਲ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਉਸ ਨੂੰ ਪਲੇਇੰਗ ਇਲੈਵਨ ਵਿਚ ਜਗ੍ਹਾ ਨਹੀਂ ਦਿੱਤੀ ਗਈ ਸੀ। ਹੁਣ ਦੇਖਣ ਹੋਵੇਗਾ ਕਿ ਇਸ ਵਾਰ ਸ਼ੁਭਮਨ ਗਿੱਲ ਨੂੰ ਪਲੇਇੰਗ ਇਲੈਵਨ ਵਿਚ ਜਗ੍ਹਾ ਮਿਲਦੀ ਹੈ ਜਾਂ ਉਸ ਨੂੰ ਅਜੇ ਹੋਰ ਬਾਹਰ ਬੈਠਣਾ ਪਵੇਗਾ।