ਸ਼੍ਰੇਅਸ ਅਈਅਰ ਦੀ ਹੋਵੇਗੀ ਸਰਜਰੀ , IPL ਸਣੇ ਇਨ੍ਹਾਂ ਵੱਡੇ ICC ਟੂਰਨਾਮੈਂਟਸ ਤੋਂ ਬਾਹਰ ਹੋਣ ਦੀ ਸੰਭਾਵਨਾ

03/22/2023 3:51:46 PM

ਨਵੀਂ ਦਿੱਲੀ : ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਹਾਲ ਹੀ 'ਚ ਵਾਰ-ਵਾਰ ਸੱਟ ਲੱਗਣ ਕਾਰਨ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ 'ਚੋਂ ਬਾਹਰ ਹੋ ਗਿਆ ਸੀ ਅਤੇ ਹੁਣ 28 ਸਾਲ ਦੇ ਇਸ ਖਿਡਾਰੀ ਦੇ 4-5 ਮਹੀਨਿਆਂ ਲਈ ਟੀਮ ਤੋਂ ਬਾਹਰ ਰਹਿਣ ਦੀ ਸੰਭਾਵਨਾ ਹੈ। ਆਪਣੀ ਸੱਟ ਦੇ ਨਤੀਜੇ ਵਜੋਂ, ਅਈਅਰ ਇੰਡੀਅਨ ਪ੍ਰੀਮੀਅਰ ਲੀਗ (IPL) 2023 ਦੇ ਆਗਾਮੀ ਐਡੀਸ਼ਨ ਦੇ ਨਾਲ-ਨਾਲ ਓਵਲ ਵਿਖੇ 7 ਜੂਨ, 2023 ਨੂੰ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਵੀ ਖੁੰਝ ਜਾਵੇਗਾ। 

ਅਈਅਰ ਦੇ ਆਉਣ ਵਾਲੇ ਵਿਸਵ ਕੱਪ ’ਚ ਖੇਡਣ ’ਤੇ ਸ਼ਸ਼ੋਪੰਜ ਬਣ ਗਿਆ ਹੈ। ਜੇ ਅਈਅਰ ਵਿਸ਼ਵ ਕੱਪ ਦੇ ਸਮੇਂ ਤੱਕ ਫਿੱਟ ਹੋ ਜਾਂਦੇ ਹਨ ਤਾਂ ਭਾਰਤੀ ਟੀਮ ’ਚ ਉਨ੍ਹਾਂ ਦੀ ਚੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਬਿਨਾਂ ਮੈਚ ਖੇਡੇ ਉਨ੍ਹਾਂ ਨੂੰ ਟੀਮ ’ਚ ਲੈਣਾ ਸਮਝਦਾਰੀ ਵਾਲਾ ਫੈਸਲਾ ਨਹੀਂ ਹੋਵੇਗਾ। ਇਕ ਰਿਪੋਰਟ ਮੁਤਾਬਕ ਸ਼੍ਰੇਅਸ ਅਈਅਰ ਦੀ ਸਰਜਰੀ ਬੀਸੀਸੀਆਈ ਦੇ ਸਖਤ ਮਾਰਗਦਰਸ਼ਨ ’ਚ ਲੰਡਨ ਜਾਂ ਫਿਰ ਭਾਰਤ ਵਿਚ ਹੋਵੇਗੀ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਮੁੰਬਈ ਵਿਚ ਡਾਕਟਰ ਨਾਲ ਤੀਜੀ ਮੁਲਾਕਾਤ ਤੋਂ ਬਾਅਦ ਅਈਅਰ ਨੂੰ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ODI WC 2023 ਦੀਆਂ ਤਾਰੀਖਾਂ ਆਈਆਂ ਸਾਹਮਣੇ, ਅਹਿਮਦਾਬਾਦ 'ਚ ਖੇਡਿਆ ਜਾਵੇਗਾ ਫਾਈਨਲ ਮੈਚ

ਸਰਜਰੀ ਤੋਂ ਬਾਅਦ ਅਈਅਰ ਨੂੰ ਘੱਟੋ-ਘੱਟ ਪੰਜ ਮਹੀਨੇ ਕਿ੍ਰਕਟ ਐਕਸ਼ਨ ਤੋਂ ਦੂਰ ਰਹਿਣਾ ਹੋਵੇਗਾ। ਭਾਰਤੀ ਟੀਮ ਇਸ ਸਮੇਂ ਆਪਣੇ ਜ਼ਖਮੀ ਖਿਡਾਰੀਆਂ ਤੋਂ ਪਰੇਸ਼ਾਨ ਹੈ। ਜਸਪ੍ਰੀਤ ਬੁਮਰਾਹ ਪਿੱਠ ਦੀ ਸਮੱਸਿਆ ਕਾਰਨ ਲੰਬੇ ਸਮੇਂ ਤੋਂ ਬਾਹਰ ਹਨ। ਰਿਸ਼ਭ ਪੰਤ ਗੰਭੀਰ ਕਾਰ ਹਾਦਸੇ ਤੋਂ ਬਾਅਦ ਠੀਕ ਹੋਣ ਵਿਚ ਰੁੱਝੇ ਹੋਏ ਹਨ। ਹੁਣ ਸ਼੍ਰੇਅਸ ਅਈਅਰ ਦੀ ਸੱਟ ਨੇ ਭਾਰਤੀ ਟੀਮ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਅਈਅਰ ਦੇ ਬਾਹਰ ਹੋਣ ਨਾਲ ਭਾਰਤੀ ਟੀਮ ਦੇ ਨਾਲ-ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੂੰ ਵੀ ਵੱਡਾ ਝਟਕਾ ਲੱਗੇਗਾ। ਅਈਅਰ ਕੇਕੇਆਰ ਦੇ ਕਪਤਾਨ ਵੀ ਹਨ। ਕੇਕੇਆਰ ’ਚ ਅਈਅਰ ਦੀ ਥਾਂ ਕੌਣ ਲਵੇਗਾ ਅਤੇ ਨਵਾਂ ਕਪਤਾਨ ਕੌਣ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ। ਵੈਸੇ ਸ਼੍ਰੇਅਸ ਅਈਅਰ ਦੀ ਸੱਟ ਨਵੀਂ ਨਹੀਂ ਹੈ। ਇਸ ਤੋਂ ਪਹਿਲਾਂ ਉਹ ਪਿੱਠ ਦੀ ਸੱਟ ਕਾਰਨ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ ਤੋਂ ਬਾਹਰ ਹੋ ਗਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh