BCCI ਦੇ ਹੁੰਦਿਆਂ ICC ਦੇ ਬਾਪ ਦੀ ਵੀ 4 ਰੋਜ਼ਾ ਟੈਸਟ ਕਰਾਉਣ ਦੀ ਹਿੰਮਤ ਨਹੀਂ : ਅਖਤਰ

01/06/2020 2:13:15 PM

ਨਵੀਂ ਦਿੱਲੀ : ਕੁਝ ਦਿਨ ਪਹਿਲਾਂ ਆਈ. ਸੀ. ਸੀ. ਨੇ ਕੌਮਾਂਤਰੀ ਟੈਸਟ ਨੂੰ 5 ਰੋਜ਼ਾਂ ਦੀ ਬਜਾਏ 4 ਰੋਜ਼ਾ ਕਰਾਉਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਕ੍ਰਿਕਟ ਜਗਤ ਵਿਚ ਇਸ ਨੂੰ ਲੈ ਕੇ ਬਹਿਸ ਛਿੜ ਗਈ। ਕੁਝ ਕ੍ਰਿਕਟਰ ਆਈ. ਸੀ. ਸੀ. ਦੇ ਇਸ ਬਿਆਨ ਦੇ ਸਮਰਥਨ 'ਚ ਆਏ ਪਰ ਜ਼ਿਆਦਾਤਰ ਸਾਬਕਾ ਅਤੇ ਮੌਜੂਦਾ ਕ੍ਰਿਕਟਰ ਇਸ ਫੈਸਲੇ ਦੇ ਸਖਤ ਵਿਰੋਧ 'ਚ ਦਿਸੇ। ਇਨ੍ਹਾਂ ਕ੍ਰਿਕਟਰਾਂ ਨੇ ਆਈ. ਸੀ. ਸੀ. ਦੇ ਪਲਾਨ ਨੂੰ ਬਕਵਾਸ ਅਤੇ ਮਜ਼ਾਕੀਆ ਦੱਸਿਆ ਹੈ। ਇਨ੍ਹਾਂ ਖਿਡਾਰੀਆਂ ਵਿਚ ਹੁਣ ਪਾਕਿਸਤਾਨ ਦੇ ਸਾਬਕਾ ਧਾਕੜ ਗੇਂਦਬਾਜ਼ ਸ਼ੋਇਬ ਅਖਤਰ ਵੀ ਸ਼ਾਮਲ ਹੋ ਗਏ ਹਨ। ਸ਼ੋਇਬ ਨੇ ਆਪਣੇ ਯੂ. ਟਿਊਬ. ਚੈਨਲ 'ਤੇ ਵੀਡੀਓ ਅਪਲੋਡ ਕਰ ਆਈ. ਸੀ. ਸੀ. ਦੇ ਇਸ ਪਲਾਨ ਨੂੰ ਬਕਵਾਸ ਦੱਸਿਆ ਅਤੇ ਬੀ. ਸੀ. ਸੀ. ਆਈ. 'ਤੇ ਭਰੋਸਾ ਜਤਾਇਆ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ, ''ਆਈ. ਸੀ. ਸੀ. ਦੇ ਬਾਪ ਦੀ ਹਿੰਮਤ ਨਹੀਂ ਕਿ ਉਹ ਬੀ. ਸੀ. ਸੀ. ਆਈ. ਦੀ ਮੰਜ਼ੂਰੀ ਤੋਂ ਬਿਨਾ 4 ਰੋਜ਼ਾ ਟੈਸਟ ਕਰਾ ਲਏ।''

ਸਚਿਨ ਦੇ ਬਿਆਨ ਦਾ ਕੀਤਾ ਸਮਰਥਨ

ਸ਼ੋਇਬ ਅਖਤਰ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਰਤ ਦੇ ਸਾਬਕਾ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਆਈ. ਸੀ. ਸੀ. ਦੇ ਇਸ ਫੈਸਲੇ ਦਾ ਵਿਰੋਧ ਕਰ ਕੇ ਬਿਲਕੁਲ ਸਹੀ ਕੀਤਾ ਹੈ। ਉਸ ਨੇ ਕਿਹਾ ਕਿ ਸਚਿਨ ਨੇ ਸਹੀ ਕਿਹਾ ਹੈ ਕਿ 4 ਰੋਜ਼ਾ ਟੈਸਟ ਹੋਣ ਤੋਂ ਬਾਅਦ ਸਭ ਤੋਂ ਜਿਆਦਾ ਨੁਕਸਾਨ ਸਪਿਨਰਜ਼ ਨੂੰ ਹੋਣ ਵਾਲਾ ਹੈ। ਕਿਉਂਕਿ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਸਪਿਨਰਜ਼ ਨੇ ਟੈਸਟ ਮੈਚਾਂ ਵਿਚ ਕਈ ਵਿਕਟਾਂ ਹਾਸਲ ਕਰ ਕੇ ਕਈ ਵੱਡੇ ਰਿਕਾਰਡ ਬਣਾਏ ਹਨ। ਜੇਕਰ 4 ਰੋਜ਼ਾ ਟੈਸਟ ਹੋ ਜਾਣਗੇ ਤਾਂ ਉਨ੍ਹਾਂ ਸਪਿਨਰਜ਼ ਦਾ ਕੀ ਬਣੇਗਾ ਜੋ ਇਸ ਸਮੇਂ ਖੇਡ ਰਹੇ ਹਨ।

ਗਾਂਗੁਲੀ ਨੂੰ ਦੱਸਿਆ ਸਮਝਦਾਰ ਵਿਅਕਤੀ

ਆਪਣੇ ਯੂ. ਟਿਊਬ ਚੈਨਲ 'ਤੇ ਗੱਲ ਕਰਦਿਆਂ ਅਖਤਰ ਨੇ ਮੌਜੂਦਾ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੂੰ ਸਮਝਦਾਰ ਵਿਅਕਤੀ ਦੱਸਿਆ ਹੈ। ਉਸ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਗਾਂਗੁਲੀ ਇਸ ਆਈ. ਸੀ. ਸੀ. ਦੇ ਇਸ ਬਕਵਾਸ ਪਲਾਨ ਨੂੰ ਕਦੇ ਮੰਜ਼ੂਰੀ ਨਹੀਂ ਦੇਵੇਗਾ। ਗਾਂਗੁਲੀ ਟੈਸਟ ਕ੍ਰਿਕਟ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹ ਟੈਸਟ ਨੂੰ ਨਹੀਂ ਮਰਨ ਦੇਣਗੇ। ਬੀ. ਸੀ. ਸੀ. ਆਈ. ਦੀ ਮਰਜ਼ੀ ਤੋਂ ਬਿਨਾ ਆਈ. ਸੀ. ਸੀ. ਇਸ ਨੂੰ ਪਾਸ ਨਹੀਂ ਕਰਾ ਸਕਦੀ।

ਇਹ ਖਿਡਾਰੀ ਕਰ ਚੁੱਕੇ ਹਨ ਵਿਰੋਧ

ਆਈ. ਸੀ. ਸੀ. ਦੇ 4 ਰੋਜ਼ਾ ਦੇ ਟੈਸਟ ਵਾਲੇ ਇਸ ਪ੍ਰਸਤਾਵ ਦੀ ਆਲੋਚਨਾ ਸਚਿਨ ਤੇਂਦੁਲਕਰ, ਗੌਤਮ ਗੰਭੀਰ, ਗਲੈਨ ਮੈਕਗ੍ਰਾ, ਰਿਕੀ ਪੋਂਟਿੰਗ ਵਰਗੇ ਧਾਕੜ ਖਿਡਾਰੀ ਕਰ ਚੁੱਕੇ ਹਨ। ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਅਤੇ ਆਸਟਰੇਲੀਆਈ ਸਨਿਪਰ ਨਾਥਨ ਲਿਓਨ ਨੇ ਵੀ ਇਸ ਨੂੰ ਬਕਵਾਸ ਦੱਸਿਆ ਹੈ।