ਪਾਕਿ ਦੀ ਹਾਰ ''ਤੇ ਭੜਕੇ ਅਖਤਰ, ਕਿਹਾ- ਕੋਈ ਇੰਨਾ ''ਬ੍ਰੇਨਲੈੱਸ'' ਕਿਵੇਂ ਹੋ ਸਕਦਾ ਹੈ ਕਪਤਾਨ (Video)

06/17/2019 2:21:45 PM

ਨਵੀਂ ਦਿੱਲੀ : ਆਈ. ਸੀ. ਸੀ. ਵਰਲਡ ਕੱਪ 2019 ਵਿਚ ਐਤਵਾਰ ਨੂੰ ਭਰਾਤ ਦੇ ਹੱਥੋਂ ਪਾਕਿਸਤਾਨ ਦੀ ਕਰਾਰੀ ਹਾਰ 'ਤੇ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਦੀ ਬਹੁਤ ਆਲੋਚਨਾ ਕੀਤੀ। ਉਸਨੇ ਪਾਕਿਸਤਾਨ ਕਪਤਾਨ ਨੂੰ ਬਿਨਾ ਦਿਮਾਗ ਵਾਲਾ ਕਰਾਰ ਦਿੰਦਿਆਂ ਕਿਹਾ, ''ਚੈਂਪੀਅਨਸ  ਟ੍ਰਾਫੀ ਦੌਰਾਨ ਜੋ ਗਲਤੀ ਭਾਰਤ ਨੇ ਕੀਤੀ ਸੀ ਪਾਕਿਸਤਾਨ ਨੇ ਉਹ ਗਲਤੀ ਇਸ ਵਰਲਡ ਕੱਪ ਵਿਚ ਦੁਹਰਾ ਦਿੱਤੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਕੋਲ ਵੱਡੇ ਬੱਲੇਬਾਜ਼ ਹਨ ਜੋ ਲੰਬੇ ਚੌੜੇ ਰਨ ਬਣਾਉਂਦੇ ਹਨ। ਵਰਲਡ ਕੱਪ ਵਿਚ ਪਾਕਿਸਤਾਨ ਦੀ ਭਾਰਤ ਦੇ ਹੱਥੋਂ ਇਹ ਲਗਾਤਾਰ 7ਵੀਂ ਹਾਰ ਹੈ। ਐਤਵਾਰ ਨੂੰ ਟਾਸ ਜਿੱਤਣ ਤੋਂ ਬਾਅਦ ਸਰਫਰਾਜ਼ ਨੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਮਿਲਣ 'ਤੇ ਭਾਰਤੀ ਬੱਲੇਬਾਜ਼ਾਂ ਨੇ ਪਾਕਿਸਤਾਨ ਦੀਆਂ ਧੱਜੀਆਂ ਉਡਾ ਦਿੱਤੀਆਂ। ਮੈਚ ਵਿਚ ਰੋਹਿਤ ਸ਼ਰਮਾ ਨੇ ਜਿੱਥੇ 140 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਉੱਥੇ ਹੀ ਕੇ. ਐੱਲ. ਰਾਹੁਲ 57 ਅਤੇ ਕਪਤਾਨ ਵਿਰਾਟ ਕੋਹਲੀ ਨੇ ਵੀ 77 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ।

ਪਾਕਿਸਤਾਨ ਦੀ ਕਰਾਰੀ ਹਾਰ 'ਤੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਕਿਹਾ, ''ਮੈਨੂੰ ਸਮਝ ਨਹੀਂ ਆਉਂਦਾ ਕਿ ਕੋਈ ਇੰਨਾ ਬ੍ਰੇਨਲੈਸ (ਬਿਨਾ ਦਿਮਾਗ ਵਾਲਾ) ਕਿਵੇਂ ਹੋ ਸਕਦਾ ਹੈ। ਉਸ ਨੂੰ ਇੰਨੀ ਸੋਚ ਵੀ ਨਹੀਂ ਆਈ ਕਿ ਅਸੀਂ ਟੀਚੇ ਦਾ ਪਿੱਛਾ ਚੰਗਾ ਨਹੀਂ ਕਰਦੇ। ਸਰਫਰਾਜ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਦਾ ਮਜ਼ਬੂਤ ਪੱਖ ਬੱਲੇਬਾਜ਼ੀ ਨਹੀਂ ਗੇਂਦਬਾਜ਼ੀ ਹੈ। ਅਖਤਰਨ ਨੇ ਕਿਹਾ ਜਦੋਂ ਪਾਕਿ ਨੇ ਟਾਸ ਜਿੱਤਿਆ ਸੀ ਉੱਥੇ ਹੀ ਅੱਧਾ ਮੈਚ ਜਿੱਤ ਚੁੱਕੇ ਸੀ ਪਰ ਤੁਸੀਂ ਮੈਚ ਨਾ ਜਿੱਤਣ ਦੀ ਕੋਸ਼ਿਸ਼ ਕੀਤੀ। ਪੂਰਾ ਇਤਿਹਾਸ ਦੇਖ ਲਵੋ। ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਆਸਟਰੇਲੀਆ ਤੋਂ ਵੀ ਹਾਰ ਗਈ ਸੀ। ਮੈਂ ਚਾਹੁੰਦਾ ਸੀ ਕਿ ਸਰਫਰਾਜ਼ ਵਿਚ ਥੋੜਾ ਇਮਰਾਨ ਖਾਨ ਪਾ ਦੇਵਾਂ ਪਰ ਬਹੁਤ ਦੇਰ ਹੋ ਗਈ।''

ਸ਼ੋਇਬ ਨੇ ਪਾਕਿਸਤਾਨ ਦੀ ਗੇਂਦਬਾਜ਼ੀ ਦੀ ਖੂਬ ਆਲੋਚਨਾ ਕੀਤੀ। ਉਸ ਨੇ ਕਿਹਾ ਕਿ ਹਸਨ ਅਲੀ ਵਾਘਾ ਬਾਰਡਰ 'ਤੇ ਛਲਾਂਗਾ ਮਾਰਦੇ ਹਨ। ਉਸ ਨੂੰ ਮੈਚ ਦੌਰਾਨ ਕੁਝ ਕਰਨਾ ਚਾਹੀਦਾ ਹੈ। ਇਹ ਚੀਜ਼ਾਂ ਉਦੋਂ ਚੰਗੀਆਂ ਲਗਦੀਆਂ ਹਨ ਜਦੋਂ ਤੁਸੀਂ 6-7 ਵਿਕਟਾਂ ਲੈਂਦੇ ਹੋ ਪਰ ਉਸਨੇ 9 ਓਵਰਾਂ ਵਿਚ 84 ਦੌੜਾਂ ਲੁਟਾ ਦਿੱਤੀਆਂ। ਸਮਝ ਨਹੀਂ ਆਉਂਦਾ ਕਿ ਉਹ ਕਿਸ ਮਾਈਂਡਸੈੱਟ ਨਾਲ ਖੇਡ ਰਹੇ ਹਨ। ਉਸਦੀ ਸੋਚ ਇਹੀ ਹੈ ਕਿ ਉਹ ਟੀ-20 ਖੇਡਦਾ ਰਹੇ।