ਸ਼ਿਵਾ, ਤਿੰਨ ਹੋਰ ਚੈੱਕ ਮੁੱਕੇਬਾਜ਼ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ

07/27/2017 1:13:46 PM

ਨਵੀਂ ਦਿੱਲੀ— ਏਸ਼ੀਆਈ ਚਾਂਦੀ ਤਮਗਾ ਜੇਤੂ ਸ਼ਿਵਾ ਥਾਪਾ (60 ਕਿਲੋ) ਨੇ ਚੈੱਕ ਗਣਰਾਜ 'ਚ ਚਲ ਰਹੇ ਗ੍ਰਾਂ ਪ੍ਰੀ ਉਸਤੀ ਨਾਦ ਲਾਬੇਮ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਕੇ ਘੱਟੋ-ਘੱਟ ਇਕ ਕਾਂਸੀ ਤਮਗਾ ਪੱਕਾ ਕਰ ਲਿਆ ਹੈ ਜਦਕਿ ਤਿੰਨ ਹੋਰ ਭਾਰਤੀ ਮੁੱਕੇਬਾਜ਼ ਵੀ ਸੈਮੀਫਾਈਨਲ ਵਿਚ ਪਹੁੰਚ ਗਏ।

ਸ਼ਿਵਾ ਨੇ ਸਥਾਨਕ ਮੁੱਕੇਬਾਜ਼ ਐਰਿਕ ਹੁਲੇਵ ਨੂੰ ਹਰਾਇਆ। ਉਨ੍ਹਾਂ ਤੋਂ ਇਲਾਵਾ ਗੌਰਵ ਬਿਧੁੜੀ (56 ਕਿਲੋ), ਕਵਿੰਦਰ ਬਿਸ਼ਟ (52 ਕਿਲੋ), ਅਮਿਤ ਫਾਂਗਲ (49 ਕਿਲੋ) ਵੀ ਸੈਮੀਫਾਈਨਲ 'ਚ ਪਹੁੰਚ ਗਏ ਜਿਨ੍ਹਾਂ ਨੂੰ ਬਾਇ ਮਿਲਿਆ ਹੈ। ਸੁਮਿਤ ਸਾਂਗਵਾਨ (91 ਕਿਲੋ) ਅਤੇ ਮਨੀਸ਼ ਪੰਵਾਰ (81 ਕਿਲੋ) ਵੀ ਕੁਆਰਟਰਫਾਈਨਲ 'ਚ ਪਹੁੰਚ ਗਏ। ਸੁਮਿਤ ਨੇ ਚੈੱਕ ਗਣਰਾਜ ਦੇ ਜਿਰੀ ਹੋਰਕੀ ਨੂੰ ਅਤੇ ਮਨੀਸ਼ ਨੇ ਬੈਲਜੀਅਮ ਦੇ ਯਾਸਿਨੇ ਆਈਦਿਰ ਨੂੰ ਹਰਾਇਆ। ਸਤੀਸ਼ ਕੁਮਾਰ (ਪਲੱਸ 91 ਕਿਲੋ), ਮਨੋਜ ਕੁਮਾਰ (69 ਕਿਲੋ) ਅਤੇ ਆਸ਼ੀਸ਼ ਕੁਮਾਰ (64 ਕਿਲੋ) ਨੂੰ ਵੀ ਪਹਿਲੇ ਦੌਰ 'ਚ ਬਾਇ ਮਿਲਿਆ ਹੈ। ਇਸ ਟੂਰਨਾਮੈਂਟ 'ਚ ਖੇਡ ਰਹੇ 9 ਵਿਚੋਂ 7 ਭਾਰਤੀ ਮੁੱਕੇਬਾਜ਼ਾਂ ਨੇ ਜਰਮਨੀ ਦੇ ਹੈਮਬਰਗ 'ਚ 25 ਅਗਸਤ ਤੋਂ 2 ਸਤੰਬਰ ਤੱਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੇ ਲਈ ਕੁਆਲੀਫਾਈ ਕਰ ਲਿਆ ਹੈ।