IPL 2021 : ਆਕਾਸ਼ ਚੋਪੜਾ ਨੇ ਲਾਈਵ ਸ਼ੋਅ ਦੇ ਦੌਰਾਨ ਸ਼ਿਖਰ ਧਵਨ ਨੂੰ ਕਿਹਾ ਬਦਤਮੀਜ਼, ਜਾਣੋ ਵਜ੍ਹਾ

04/11/2021 2:11:10 PM

ਸਪੋਰਟਸ ਡੈਸਕ— ਰਿਸ਼ਭ ਪੰਤ ਦੀ ਕਪਤਾਨੀ ’ਚ ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ’ਚ ਜਿੱਤ ਨਾਲ ਸ਼ੁਰੂਆਤ ਕੀਤੀ। ਦਿੱਲੀ ਦੀ ਇਸ ਜਿੱਤ ਦੇ ਹੀਰੋ ਰਹੇ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ । ਧਵਨ ਨੇ ਪਹਿਲੇ ਵਿਕਟ ਲਈ ਪਿ੍ਰਥਵੀ ਸ਼ਾਅ (72) ਦੇ ਨਾਲ 138 ਦੌੜਾਂ ਦੀ ਰਿਕਾਰਡ ਪਾਰਟਨਰਸ਼ਿਪ ਕੀਤੀ। ਇਸ ਸਾਂਝੇਦਾਰੀ ਕਾਰਨ ਦਿੱਲੀ ਕੈਪੀਟਲਸ ਚੇਨੱਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੂੰ 7 ਵਿਕਟਾਂ ਨਾਲ ਹਰਾਉਣ ’ਚ ਕਾਮਯਾਬ ਰਹੀ। ਧਵਨ ਨੇ ਆਊਟ ਹੋਣ ਤੋਂ ਪਹਿਲਾਂ 54 ਗੇਂਦਾਂ ’ਚ 85 ਦੌੜਾਂ ਬਣਾਈਆਂ। ਇਸ ਪਾਰੀ ’ਚ ਉਨ੍ਹਾਂ ਨੇ 10 ਚੌਕੇ ਤੇ 2 ਛੱਕੇ ਲਾਏ। ਇਸ ਦੌਰਾਨ ਧਵਨ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ। ਉਹ ਚੇਨੱਈ ਸੁਪਰਕਿੰਗਜ਼ ਖ਼ਿਲਾਫ਼ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ। ਹੁਣ ਉਨ੍ਹਾਂ ਦੀਆਂ ਸੀ. ਐੱਸ. ਕੇ. ਖ਼ਿਲਾਫ਼ 910 ਦੌੜਾਂ ਹੋ ਗਈਆਂ ਹਨ। ਉਨ੍ਹਾਂ ਨੇ ਵਿਰਾਟ ਕੋਹਲੀ (910) ਦਾ ਰਿਕਾਰਡ ਤੋੜਿਆ। ਇਸ ਤੋਂ ਇਲਾਵਾ ਉਹ ਲੀਗ ਦੇ ਇਤਿਹਾਸ ’ਚ 600 ਚੌਕੇ ਲਾਉਣ ਵਾਲੇ ਪਹਿਲੇ ਬੱਲੇਬਾਜ਼ ਵੀ ਬਣੇ। ਉਨ੍ਹਾਂ ਨੂੰ ਮੈਨ ਆਫ਼ ਦਿ ਮੈਚ ਚੁਣਿਆ ਗਿਆ।
ਇਹ ਵੀ ਪੜ੍ਹੋ : IPL 2021 : ਚੇਨੱਈ ਦੀ ਹਾਰ ਤੋਂ ਬਾਅਦ ਧੋਨੀ ਨੂੰ ਇਕ ਹੋਰ ਝਟਕਾ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ

ਸ਼ਿਖਰ ਧਵਨ ਇਸ ਪਾਰੀ ’ਚ ਇੰਨੀ ਸ਼ਾਨਦਾਰ ਫ਼ਾਰਮ ’ਚ ਸਨ ਕਿ ਉਨ੍ਹਾਂ ਨੇ ਸੀ. ਐੱਸ.  ਕੇ. ਦੇ ਤੇਜ਼ ਗੇਂਦਬਾਜ਼ਾਂ ਖ਼ਿਲਾਫ਼ ਵੀ ਸਵੀਪ ਸ਼ਾਟ ਖੇਡੇ। ਉਨ੍ਹਾਂ ਦੀ ਅਜਿਹੀ ਬੱਲੇਬਾਜ਼ੀ ਵੇਖ ਕੇ ਆਕਾਸ਼ ਚੋਪੜਾ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਮੈਚ ਖ਼ਤਮ ਹੋਣ ਦੇ ਬਾਅਦ ਲਾਈਵ ਸ਼ੋਅ ’ਚ ਮਜ਼ਾਕੀਆ ਲਹਿਜ਼ੇ ’ਚ ਕਿਹਾ ਕਿ ਇੰਨੀ ਬਦਤਮੀਜ਼ੀ ਨਾਲ ਕੌਣ ਖੇਡਦਾ ਹੈ। ਦਰਅਸਲ, ਉਨ੍ਹਾਂ ਦਾ ਇਸ਼ਾਰਾ ਧਵਨ ਦੀ ਤੇਜ਼ ਗੇਂਦਬਾਜ਼ਾਂ ਖ਼ਿਲਾਫ਼ ਬੇਖ਼ੌਫ਼ ਬੱਲੇਬਾਜ਼ੀ ਵੱਲ ਸੀ।
ਇਹ ਵੀ ਪੜ੍ਹੋ : IPL 2021 : ਦਮਦਾਰ ਸਨਰਾਈਜ਼ਰਜ਼ ਦੇ ਸਾਹਮਣੇ ਦੋ ਵਾਰ ਦੀ ਚੈਂਪੀਅਨ KKR ਦੀ ਚੁਣੌਤੀ

ਧਵਨ ਆਈ. ਪੀ. ਐੱਲ. ’ਚ ਤੀਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ
ਇਸ ਤੋਂ ਇਲਾਵਾ ਧਵਨ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਹ ਹੁਣ ਆਈ. ਪੀ. ਐੱਲ. ਇਤਿਹਾਸ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਤੀਜੇ ਬੱਲੇਬਾਜ਼ ਹਨ। ਉਨ੍ਹਾਂ ਦੇ ਨਾਂ 177 ਮੈਚ ’ਚ 5282 ਦੌੜਾਂ ਹਨ। ਉਨ੍ਹਾਂ ਨੇ ਆਈ. ਪੀ. ਐੱਲ. ’ਚ 42 ਅਰਧ ਸੈਂਕੜੇ ਤੇ 2 ਸੈਂਕੜੇ ਵੀ ਲਾਏ ਹਨ। ਲੀਗ ’ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਦੀਆਂ ਸਭ ਤੋਂ ਜ਼ਿਆਦਾ 5911 ਦੌੜ ਹਨ। ਦੂਜੇ ਨੰਬਰ ’ਤੇ ਚੇਨੱਈ ਸੁਪਰ ਕਿੰਗਜ਼ ਦੇ ਸੁਰੇਸ਼ ਰੈਨਾ ਹਨ। ਉਨ੍ਹਾਂ ਨੇ 194 ਮੈਚ ’ਚ 5422 ਦੌੜਾਂ ਬਣਾਈਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh