ਜਿੱਤ ਨਾਲ ਕਾਰਲਸਨ ਬਣਿਆ ਸ਼ਮਕੀਰ ਮਾਸਟਰਸ ਜੇਤੂ

04/10/2019 9:15:48 PM

ਸ਼ਮਕੀਰ ਸਿਟੀ (ਅਜ਼ਰਬੈਜਾਨ) (ਨਿਕਲੇਸ਼ ਜੈਨ)- ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਨਾਲ ਸ਼ਮਕੀਰ ਮਾਸਟਰਸ ਸ਼ਤਰੰਜ ਵਿਚ ਆਖਰੀ ਰਾਊਂਡ ਵਿਚ ਵੀ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਦਾ ਜੇਤੂ ਰੱਥ ਜਾਰੀ ਰਿਹਾ। ਉਸ ਨੇ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਨੂੰ ਹਰਾਉਂਦੇ ਹੋਏ 7 ਅੰਕ ਬਣਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਨਾਲ ਹੀ ਆਪਣੀ ਰੇਟਿੰਗ 2860 ਪਹੁੰਚਾ ਦਿੱਤੀ। ਦੱਸ ਦੇਈਏ ਕਿ ਸ਼ਤਰੰਜ ਵਿਚ 2800 ਦਾ ਅੰਕੜਾ ਹੀ ਆਪਣੇ ਆਪ ਵਿਚ ਇਤਿਹਾਸਕ ਮੰਨਿਆ ਜਾਂਦਾ ਹੈ। ਵਿਸ਼ਵਨਾਥਨ ਆਨੰਦ ਵਰਗਾ ਚੋਟੀ ਦਾ ਖਿਡਾਰੀ ਵੀ ਆਪਣੇ ਖੇਡ ਜੀਵਨ ਵਿਚ 2817 ਦਾ ਅੰਕੜਾ ਸਿਰਫ ਇਕ ਵਾਰ ਹੀ ਛੂਹ ਸਕਿਆ ਹੈ। ਕਾਰਲਸਨ ਦੀ ਜਿੱਤ ਕਿੰਨੀ ਵੱਡੀ ਹੈ, ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਦੂਜੇ ਸਥਾਨ 'ਤੇ ਰਹੇ ਚੀਨ ਦੇ ਡੀਂਗ ਲੀਰੇਨ ਅਤੇ ਰੂਸ ਦੇ ਸੇਰਗੀ ਕਾਰਯਾਕਿਨ 5 ਅੰਕਾਂ 'ਤੇ ਸਾਂਝੇ ਦੂਜੇ ਸਥਾਨ 'ਤੇ ਰਹੇ। ਕਾਰਲਸਨ ਨੇ 2 ਅੰਕਾਂ ਦੇ ਅੰਤਰ ਨਾਲ ਖਿਤਾਬ ਆਪਣੇ ਨਾਂ ਕੀਤਾ।


ਆਨੰਦ ਨੂੰ ਸਾਂਝਾ ਤੀਜਾ ਸਥਾਨ
ਆਨੰਦ 4.5 ਅੰਕ ਬਣਾ ਕੇ ਸਾਂਝੇ ਤੀਜੇ ਸਥਾਨ 'ਤੇ ਰਿਹਾ। ਉਸ ਦੇ ਨਾਲ ਰੂਸ ਦਾ ਅਲੈਗਜ਼ੈਂਡਰ ਗ੍ਰੀਸਚੁਕ ਅਤੇ ਅਜ਼ਰਬੈਜਾਨ ਦਾ ਤਿਮੁਲ ਰਦਜ਼ਬੋਵ ਵੀ 4.5 ਅੰਕ ਬਣਾਉਣ ਵਿਚ ਸਫਲ ਰਿਹਾ। ਆਨੰਦ ਨੇ ਆਖਰੀ ਰਾਊਂਡ ਵਿਚ ਆਪਣੇ ਪੁਰਾਣੇ ਵਿਰੋਧੀ ਵੇਸਲੀਨ ਟੋਪਾਲੋਵ ਨਾਲ ਡਰਾਅ ਖੇਡਿਆ। ਆਨੰਦ ਲਈ ਪ੍ਰਤੀਯੋਗਿਤਾ ਸਫਲ ਕਹੀ ਜਾਵੇਗੀ ਕਿਉਂਕਿ ਉਸ ਨੇ ਇਸ ਪ੍ਰਤੀਯੋਗਿਤਾ ਵਿਚ ਕਾਰਲਸਨ ਅਤੇ ਕਾਰਯਾਕਿਨ ਕੋਲੋਂ ਹਾਰ ਤੋਂ ਬਾਅਦ ਵੀ ਅਜ਼ਰਬੈਜਾਨ ਦੇ ਸ਼ਾਕਿਰਯਾਰ ਮਮੇਘਾਰੋਵ ਅਤੇ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਹਰਾਇਆ ਅਤੇ ਆਪਣੀ ਵਿਸ਼ਵ ਰੈਂਕਿੰਗ ਬਰਕਰਾਰ ਰੱਖੀ। 

Gurdeep Singh

This news is Content Editor Gurdeep Singh