ਸ਼ਾਰਾਪੋਵਾ ਦੇ ਟੈਨਿਸ ''ਚ 15 ਸਾਲ ਪੂਰੇ, ਬੋਲੀ-ਅਮਰੀਕਾ ਨੇ ਮੈਨੂੰ ਬਦਲ ਦਿੱਤਾ

05/11/2019 4:15:52 AM

ਨਵੀਂ ਦਿੱਲੀ - ਰੂਸ ਦੀ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਨੂੰ ਪੇਸ਼ੇਵਰ ਟੈਨਿਸ ਵਿਚ 15 ਸਾਲ ਪੂਰੇ ਹੋ ਚੁੱਕੇ ਹਨ। ਆਪਣੇ ਜਨਮ ਸਥਾਨ ਰੂਸ ਤੇ ਆਪਣੀ ਕਰਮਭੂਮੀ 'ਤੇ ਮਾਰੀਆ ਨੇ ਇਕ ਪ੍ਰੋਗਰਾਮ ਦੌਰਾਨ ਵਿਸਥਾਰਪੂਰਵਕ ਚਰਚਾ ਕੀਤੀ। ਉਸ ਨੇ ਕਿਹਾ, ''ਰੂਸ ਸਦਾ ਤੋਂ ਮੇਰਾ ਪਸੰਦੀਦਾ ਦੇਸ਼ ਰਿਹਾ ਹੈ। ਬਚਪਨ ਦੀਆਂ ਸਾਰੀਆਂ ਖੂਬਸੂਰਤ ਯਾਦਾਂ ਅਜੇ ਵੀ ਮੇਰੇ ਅੰਦਰ ਜਿਊਂਦੀਆਂ ਹਨ ਪਰ ਜਦੋਂ ਮੈਂ ਅਮਰੀਕਾ ਰਹਿਣ ਆਈ ਤਾਂ ਇਥੇ ਬਹੁਤ ਸਾਰੀਆਂ ਚੀਜ਼ਾਂ ਸਵੀਕਾਰ ਕਰਨੀਆਂ ਪਈਆਂ। ਮੈਂ ਖੁਦ ਨੂੰ ਬਦਲਿਆ ਤਾਂ ਕਿ ਇਥੋਂ ਦੇ ਮਾਹੌਲ ਅਨੁਸਾਰ ਖੁਦ ਨੂੰ ਢਾਲ ਲਵਾਂ। ਇਸ ਗੱਲ ਵਿਚ ਕੋਈ ਦੋ-ਰਾਇ ਨਹੀਂ ਹੈ ਕਿ ਰੂਸ ਤੋਂ ਆਈ ਇਸ ਲੜਕੀ ਨੂੰ ਅਮਰੀਕਾ ਨੇ ਬਦਲ ਦਿੱਤਾ।''


ਮਾਰੀਆ ਨੇ ਇਸ ਦੌਰਾਨ ਰੂਸ ਬਾਰੇ ਗੱਲ ਕਰਦਿਆਂ ਕਿਹਾ ਕਿ ਮੇਰੇ ਅੰਦਰ ਅਜੇ ਵੀ ਰੂਸ ਦੇ ਕਈ ਰੰਗ ਮੌਜੂਦ ਹਨ। ਮੈਂ ਹੁਣ ਵੀ ਜਦੋਂ ਰੂਸ ਜਾਂਦੀ ਹਾਂ ਤਾਂ ਲੰਬੀਆਂ ਛੁੱਟੀਆਂ ਲੈ ਕੇ ਜਾਂਦੀ ਹਾਂ। ਉਥੇ ਮੈਂ ਖਾਣ-ਪਾਣ ਵਰਗੇ ਸਾਰੇ ਨਿਯਮ ਤੇ ਬੰਦਿਸ਼ਾਂ ਭੁੱਲ ਜਾਂਦੀ ਹਾਂ। ਮਾਰੀਆ ਨੇ ਇਸ ਦੌਰਾਨ ਦੋਸਤ ਤੇ ਦੋਸਤੀ ਦੇ ਵਿਸ਼ੇ 'ਤੇ ਵੀ ਗੱਲ ਕੀਤੀ। ਉਸ ਨੇ ਕਿਹਾ ਕਿ ਕਈ ਦੇਸ਼ਾਂ ਵਿਚ ਘੁੰਮ ਕੇ ਮੈਨੂੰ ਸ਼ਾਨਦਾਰ ਦੋਸਤ ਮਿਲੇ। ਦੋਸਤੀ ਸਿਰਫ ਇਕੱਠੇ ਖਾਣਾ ਖਾਣ  ਤੇ ਕੁਝ ਮਸਤੀ ਕਰਨ ਦਾ ਨਾਂ ਹੀ ਨਹੀਂ ਹੈ। ਦੋਸਤੀ ਉਹ ਹੈ, ਜਦੋਂ ਤੁਸੀਂ ਇਕ-ਦੂਜੇ ਨੂੰ ਸਮਝਦੇ ਹੋ। ਉਸ ਦੇ ਨਾਲ ਤੁਸੀਂ ਸਮਾਂ ਬਿਤਾ ਕੇ ਮਾਣ ਮਹਿਸੂਸ ਕਰਦੇ ਹੋ।  ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਮਾਰੀਆ ਨੂੰ ਟੈਨਿਸ ਜਗਤ ਦੀ ਸਭ ਤੋਂ ਆਕੜਖੋਰ ਖਿਡਾਰਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ।

Gurdeep Singh

This news is Content Editor Gurdeep Singh