ਕਨੇਰੀਆ ਦਾ ਵੱਡਾ ਇਲਜ਼ਾਮ, ਅਫ਼ਰੀਦੀ ਕਹਿੰਦੇ ਸਨ ਇਸਲਾਮ ਕਬੂਲੋ ਵਰਨਾ ਟੀਮ ''ਚ ਖੇਡਣ ਨਹੀਂ ਦੇਵਾਂਗਾ

05/09/2022 6:07:41 PM

ਨਵੀਂ ਦਿੱਲੀ- ਸਾਬਕਾ ਪਾਕਿਸਤਾਨੀ ਕ੍ਰਿਕਟਰ ਦਾਨਿਸ਼ ਕਨੇਰੀਆ ਨੇ ਸੋਮਵਾਰ ਨੂੰ ਕਿਹਾ ਕਿ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਇਸਲਾਮ ਨਹੀਂ ਕਬੂਲਿਆ ਤਾਂ ਉਨ੍ਹਾਂ ਦਾ ਕਰੀਅਰ ਤਬਾਹ ਕਰ ਦਿੱਤਾ ਜਾਵੇਗਾ। ਅਫ਼ਰੀਦੀ ਨੇ ਕਨੇਰੀਆ ਵਲੋਂ ਭਾਰਤੀ ਮੀਡੀਆ ਨੂੰ ਦਿੱਤੇ ਗਏ ਇੰਟਰਵਿਊ 'ਚ ਲਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦਸਦੇ ਹੋਏ ਕਿਹਾ ਸੀ ਕਿ ਉਹ ਪੈਸਾ ਤੇ ਸ਼ੋਹਰਤ ਕਮਾਉਣ ਲਈ ਇਹ ਦੋਸ਼ ਲਾ ਰਹੇ ਹਨ, ਜਿਸ ਦੇ ਜਵਾਬ 'ਚ ਟਵੀਟ ਕਰਦੇ ਹੋਏ ਕਨੇਰੀਆ ਨੇ ਇਹ ਗੱਲ ਕਹੀ। ਅਫ਼ਰੀਦੀ ਨੇ ਇਹ ਵੀ ਕਿਹਾ ਕਿ ਭਾਰਤ ਪਾਕਿਸਤਾਨ ਦਾ ਦੁਸ਼ਮਨ ਮੁਲਕ ਹੈ ਤੇ ਉਸ ਨੂੰ ਇੰਟਰਵਿਊ ਦੇਣ ਨਾਲ ਧਾਰਮਿਕ ਭਾਵਨਾਵਾਂ ਭੜਕ ਸਕਦੀਆਂ ਹਨ।

ਇਹ ਵੀ ਪੜ੍ਹੋ : ਟੀ20 'ਚ ਬਤੌਰ ਕਪਤਾਨ 6,000 ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਬਣੇ ਧੋਨੀ, ਪਹਿਲੇ ਨੰਬਰ 'ਤੇ ਹੈ ਇਹ ਖਿਡਾਰੀ

ਕਨੇਰੀਆ ਨੇ ਸੋਮਵਾਰ ਨੂੰ ਕਿਹਾ ਸੀ ਕਿ ਭਾਰਤ ਸਾਡਾ ਦੁਸ਼ਮਨ ਨਹੀਂ ਹੈ। ਸਾਡੇ ਦੁਸ਼ਮਣ ਉਹ ਲੋਕ ਹਨ ਜੋ ਲੋਕਾਂ ਨੂੰ ਧਰਮ ਦੇ ਨਾਂ 'ਤੇ ਭੜਕਾਉਂਦੇ ਹਨ। ਜੇਕਰ ਤੁਸੀਂ ਭਾਰਤ ਨੂੰ ਦੁਸ਼ਮਨ ਮੰਨਦੇ ਹੋ ਤਾਂ ਫਿਰ ਕਦੀ ਵੀ ਕਿਸੇ ਭਾਰਤੀ ਮੀਡੀਆ ਚੈਨਲ 'ਤੇ ਨਾ ਜਾਣਾ। ਜਦੋਂ ਮੈਂ ਜ਼ਬਰਨ ਧਰਮ ਪਰਿਵਰਤਨ ਖ਼ਿਲਾਫ਼ ਆਵਾਜ਼ ਚੁੱਕੀ ਤਾਂ ਮੈਨੂੰ ਧਮਕੀ ਦਿੱਤੀ ਗਈ ਕਿ ਮੇਰਾ ਕਰੀਅਰ ਤਬਾਹ ਕੀਤਾ ਜਾ ਸਕਦਾ ਹੈ। ਸ਼ਾਹਿਦ ਅਫ਼ਰੀਦੀ ਇਕੱਲੇ ਖਿਡਾਰੀ ਸਨ ਜਿਨ੍ਹਾਂ ਨੇ ਮੈਨੂੰ ਹੀਣਾ ਦਿਖਾਉਣਾ ਚਾਹਿਆ। ਅਸੀਂ ਇਕ ਹੀ ਵਿਭਾਗ ਲਈ ਇਕੱਠੇ ਖੇਡਦੇ ਸੀ। ਉਹ ਮੈਨੂੰ ਬੈਂਚ 'ਤੇ ਹੀ ਰਖਦੇ ਤੇ ਵਨ-ਡੇ ਟੂਰਨਾਮੈਂਟ 'ਚ ਨਹੀਂ ਖੇਡਣ ਦਿੰਦੇ ਸਨ।

ਇਹ ਵੀ ਪੜ੍ਹੋ : MS ਧੋਨੀ ਬੱਲੇਬਾਜ਼ੀ ਲਈ ਜਾਣ ਤੋਂ ਪਹਿਲਾਂ ਆਪਣਾ ਬੱਲਾ ਕਿਉਂ ਚਬਾਉਂਦੇ ਹਨ? ਸਾਥੀ ਖਿਡਾਰੀ ਨੇ ਕੀਤਾ ਖ਼ੁਲਾਸਾ

ਉਨ੍ਹਾਂ ਕਿਹਾ ਕਿ ਹਾਂ, ਅਫ਼ਰੀਦੀ ਮੈਨੂੰ ਅਕਸਰ ਇਸਲਾਮ ਕਬੂਲਣ ਲਈ ਕਹਿੰਦੇ ਸਨ, ਪਰ ਮੈਂ ਕਦੀ ਵੀ ਉਨ੍ਹਾਂ ਨੂੰ ਸੰਜੀਦਗੀ ਨਾਲ ਨਹੀਂ ਲਿਆ। ਮੈਂ ਆਪਣੇ ਧਰਮ 'ਚ ਵਿਸ਼ਵਾਸ ਰਖਦਾ ਹਾਂ ਤੇ ਇਹ ਕ੍ਰਿਕਟ 'ਤੇ ਨਿਰਭਰ ਨਹੀਂ ਹੈ। ਇਸ ਦੇ ਜਵਾਬ 'ਚ ਅਫ਼ਰੀਦੀ ਨੇ ਪਾਕਿਸਤਾਨ ਨਿਊਜ਼ ਇੰਟਰਨੈਸ਼ਨਲ ਨੂੰ ਕਿਹਾ ਕਿ ਜੋ ਇਨਸਾਨ ਇਹ ਸਭ ਕਹਿ ਰਿਹਾ ਹੈ, ਉਸ ਦੇ ਕਿਰਦਾਰ ਨੂੰ ਦੇਖੋ। ਉਹ ਪੈਸਾ ਤੇ ਸ਼ੋਹਰਤ ਕਮਾਉਣ ਲਈ ਮੇਰੇ 'ਤੇ ਇਲਜ਼ਾਮ ਲਾ ਰਹੇ ਹਨ। ਕਨੇਰੀਆ ਮੇਰੇ ਛੋਟੇ ਭਰਾ ਵਰਗੇ ਹਨ ਤੇ ਉਹ ਮੇਰੇ ਨਾਲ ਕਈ ਸਾਲ ਟੀਮ ਦੇ ਲਈ ਖੇਡ ਚੁੱਕੇ ਹਨ। ਜੇਕਰ ਮੇਰਾ ਰਵੱਈਆ ਬੁਰਾ ਸੀ ਤਾਂ ਉਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਬੋਰਡ ਜਾਂ ਵਿਭਾਗ ਦੇ ਅਧਿਕਾਰੀਆਂ ਨੂੰ ਮੇਰੀ ਸ਼ਿਕਾਇਤ ਕਿਉਂ ਨਹੀਂ ਕੀਤੀ? ਉਹ ਸਾਡੇ ਦੁਸ਼ਮਨ ਮੁਲਕ ਨੂੰ ਇੰਟਰਵਿਊ ਦੇ ਰਿਹਾ ਹੈ ਜਿਸ ਨਾਲ ਧਾਰਮਿਕ ਭਾਵਨਾਵਾਂ ਭੜਕ ਸਕਦੀਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh