ਸੇਥੁਰਮਨ ਤੋਂ ਬੱਝੀ ਉਮੀਦ, 7 ਡਰਾਅ ਤੋਂ ਬਾਅਦ ਜਿੱਤਿਆ ਵਿਦਿਤ

03/01/2018 5:02:34 AM

ਨਵੀਂ ਦਿੱਲੀ— ਦੁਨੀਆ ਦੇ ਸਭ ਤੋਂ ਮਜ਼ਬੂਤ ਗ੍ਰੈਂਡ ਮਾਸਟਰ ਓਪਨ ਮੰਨੇ ਜਾਣ ਵਾਲੇ ਐਰੋਫਲੋਟ ਓਪਨ ਸ਼ਤਰੰਜ-2018 ਵਿਚ ਫੈਸਲਾਕੁੰਨ ਰਾਊਂਡ ਦੇ ਠੀਕ ਪਹਿਲਾਂ ਭਾਰਤ ਲਈ ਚੰਗੀ ਖਬਰ ਆਈ ਹੈ। ਸੇਥੁਰਮਨ, ਸ਼ਸ਼ੀਕਿਰਣ, ਅਰਵਿੰਦ ਚਿਤਾਂਬਰਮ ਨੇ ਜਿੱਤ ਦਰਜ ਕੀਤੀ। ਦੋ ਹੋਰ ਵੱਡੀਆਂ ਖਬਰਾਂ ਸਨ। ਪਹਿਲੀ ਵਿਦਿਤ ਗੁਜਰਾਤੀ ਦੀ ਜਿੱਤ ਜੋ ਕਿ ਇਸ ਟੂਰਨਾਮੈਂਟ ਵਿਚ ਹੁਣ ਚਾਹੇ ਇੰਨੀ ਮਾਇਨੇ ਨਹੀਂ ਰੱਖਦੀ ਹੈ ਪਰ ਉਸਦਾ ਲੈਅ ਵਿਚ ਪਰਤਣਾ ਚੰਗੀ ਗੱਲ ਹੈ ਕਿ ਉਹ ਮੁੜ ਉਸੇ ਲੈਅ ਵਿਚ ਨਜ਼ਰ ਆਇਆ। ਪਿਛਲੇ ਲਗਾਤਾਰ 7 ਮੈਚ ਡਰਾਅ ਖੇਡਣ ਤੋਂ ਬਾਅਦ ਆਖਿਰਕਾਰ ਪਹਿਲੀ ਜਿੱਤ ਹਾਸਲ ਕੀਤੀ, ਜਿਸਦੀ ਖੁਸ਼ੀ ਨਾ ਸਿਰਫ ਉਸ ਦੇ ਬਲਕਿ ਉਸਦੇ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਸਾਫ ਦਿਖਾਈ ਦਿੱਤੀ।
ਮੁਰਲੀ ਕਾਰਤੀਕੇਅਨ ਜਿਸਨੇ ਸ਼ੁਰੂਆਤ ਤੋਂ ਹੀ ਚੰਗਾ ਪ੍ਰਦਰਸ਼ਨ ਦਿਖਾਇਆ ਪਰ ਅੱਜ ਸੇਥੁਰਮਨ ਦੀ ਸ਼ਾਨਦਾਰ ਖੇਡ ਅੱਗੇ ਜ਼ਿਆਦਾ ਕੁੱਝ ਨਹੀਂ ਕਰ ਸਕਿਆ। ਹਾਲਾਂਕਿ ਭਾਰਤੀ ਖਿਡਾਰੀਆਂ ਦੇ ਆਪਸ ਵਿਚ ਮੈਚ ਪੈਣ ਨਾਲ ਨੁਕਸਾਨ ਹੋਇਆ ਪਰ ਕਿਸੇ ਇਕ ਦੇ ਜਿੱਤਣ ਨਾਲ ਉਸਦੇ ਅੱਗੇ ਵਧਣ ਦੀਆਂ ਸੰਭਾਵਨਾਵਾਂ ਵੀ ਸਾਹਮਣੇ ਆਈਆਂ ਸਨ। ਇਸ ਤਰਾਂ ਦੋਵੇਂ ਖਿਡਾਰੀਆਂ ਨੇ ਆਰ-ਪਾਰ ਦਾ ਮੈਚ ਖੇਡਣ ਦਾ ਫੈਸਲਾ ਲਿਆ, ਜੋ ਆਪਣੇ ਆਪ ਵਿਚ ਚੰਗੀ ਗੱਲ ਸੀ। 
ਟੂ ਨਾਈਟ ਡਿਫੈਂਸ ਵਿਚ ਸਫੇਦ ਮੋਹਰਿਆਂ ਨਾਲ ਸੇਥੁਰਮਨ ਨੇ ਖੇਡ ਦੀ 21ਵੀਂ ਚਾਲ ਵਿਚ ਇਕ ਪਿਆਦੇ ਦੀ ਬੜ੍ਹਤ ਬਣਾ ਲਈ ਅਤੇ ਫਿਰ ਉਹ ਬੜ੍ਹਤ ਅਖੀਰ ਤੱਕ ਕਾਇਮ ਰਹੀ। ਸੇਥੁਰਮਨ ਜੇਕਰ ਆਖਰੀ ਮੈਚ ਵਿਚ ਜਿੱਤਦਾ ਹੈ ਤਾਂ ਉਹ ਚੋਟੀ ਦੇ 3 ਵਿਚ ਜਗ੍ਹਾ ਬਣਾ ਸਕਦਾ ਹੈ, ਜੋ ਭਾਰਤ ਦੇ ਲਿਹਾਜ਼ ਨਾਲ ਸ਼ਾਨਦਾਰ ਹੋਵੇਗਾ।