ਸਕਾਟਲੈਂਡ ਨੇ ਰਚਿਆ ਇਤਿਹਾਸ, ਸਿਰਫ 20 ਗੇਂਦਾਂ 'ਚ ਜਿੱਤਿਆ ਵਨ ਡੇ ਮੈਚ

02/20/2019 11:46:49 AM

ਨਵੀਂ ਦਿੱਲੀ : ਸਕਾਟਲੈਂਡ ਖਿਲਾਫ ਖੇਡੇ ਗਏ ਵਨ ਡੇ ਮੁਕਾਬਲੇ ਵਿਚ ਓਮਾਨ ਦੇ ਨਾਂ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ। ਦਰਅਸਲ ਮੰਗਲਵਾਰ ਨੂੰ ਅਲ ਅਮੀਰਾਤ ਕ੍ਰਿਕਟ ਗ੍ਰਾਊਂਡ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਮੇਜ਼ਬਾਨ ਓਮਾਨ ਦੀ ਟੀਮ ਸਿਰਫ 24 ਦੌੜਾਂ 'ਤੇ ਢੇਰ ਹੋ ਗਈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਓਮਾਨ ਦੀ ਟੀਮ 17.1 ਓਵਰਾਂ ਵਿਚ ਸਿਰਫ 24 ਦੌੜਾਂ 'ਤੇ ਸਿਮਟ ਗਈ। ਖਵਾਰ ਅਲੀ (15) ਇਕਲੌਤੇ ਬੱਲੇਬਾਜ਼ ਰਹੇ, ਜੋ ਦੋਹਰੇ ਅੰਕਾਂ ਵਿਚ ਜਾ ਸਕੇ। ਇਸ ਦੌਰਾਨ 6 ਖਿਡਾਰੀ ਖਾਤਾ ਵੀ ਨਹੀਂ ਖੋਲ ਸਕੇ। ਸਕਾਟਲੈਂਡ ਵੱਲੋਂ ਏਡ੍ਰਿਅਨ ਨੇਲ ਅਤੇ ਆਰ ਸਮਿਥ ਨੇ ਸਭ ਤੋਂ ਵੱਧ 4-4 ਵਿਕਟਾਂ ਹਾਸਲ ਕੀਤੀਆਂ।

ਸਕਾਟਲੈਂਡ ਦੀ ਟੀਮ ਨੇ 280 ਗੇਂਦਾਂ ਬਾਕੀ ਰਹਿੰਦਿਆਂ 3.2 ਓਵਰਾਂ ਵਿਚ 26 ਦੌੜਾਂ ਬਣਾ ਕੇ 10 ਵਿਕਟਾਂ ਨਾਲ ਇਹ ਮੈਚ ਜਿੱਤ ਲਿਆ। ਵਨ ਡੇ ਕੌਮਾਂਤਰੀ ਵਿਚ ਸਭ ਤੋਂ ਘੱਟ ਦੌੜਾਂ 'ਤੇ ਆਲ ਆਊਟ ਹੋਣ ਦਾ ਰਿਕਾਰਡ ਜ਼ਿੰਬਾਬਵੇ ਟੀਮ ਦੇ ਨਾਂ ਦਰਜ ਹੈ। ਉਹ 2004 ਹਰਾਰੇ ਵਿਖੇ ਸ਼੍ਰੀਲੰਕਾ ਖਿਲਾਫ 35 ਦੌੜਾਂ 'ਤੇ ਆਲਆਊਟ ਹੋ ਗਈ ਸੀ। ਉੱਥੇ ਹੀ ਲਿਸਟ ਏ ਕ੍ਰਿਕਟ ਵਿਚ ਸਭ ਤੋਂ ਘੱਟ ਦੌੜਾਂ 'ਤੇ ਆਲ ਆਊਟ ਹੋਣ ਦਾ ਰਿਕਾਰਡ ਵਿੰਡੀਜ਼ ਅੰਡਰ-19 ਦੇ ਨਾਂ ਦਰਜ ਹੈ, ਜਿਸ ਨੇ ਸਾਲ 2007 ਵਿਚ ਬਾਰਬਾਡੋਸ ਖਿਲਾਫ ਬਣਾਇਆ ਸੀ। ਓਮਾਨ ਨੇ ਹੁਣ ਤੱਕ ਕੋਈ ਵਨ ਡੇ ਕੌਮਾਂਤਰੀ ਮੁਕਾਬਲਾ ਨਹੀਂ ਖੇਡਿਆ ਹੈ, ਜਦਕਿ ਸਕਾਟਲੈਂਡ ਨੂੰ ਵਨ ਡੇ ਕੌਮਾਂਤਰੀ ਦਾ ਦਰਜਾ ਹਾਸਲ ਹੈ ਅਤੇ ਉਹ ਮੌਜੂਦਾ ਵਨ ਡੇ ਆਈ. ਸੀ. ਸੀ. ਰੈਂਕਿੰਗ ਵਿਚ 13ਵੇਂ ਸਥਾਨ 'ਤੇ ਹੈ।