ਗਾਂਗੁਲੀ ਨੇ 40 ਮਿੰਟ ਦੀ ਮੁਲਾਕਾਤ ਦੌਰਾਨ ਇਸ ਤਰ੍ਹਾਂ ਜਿੱਤਿਆ ਸੀ ਸਕਲੈਨ ਮੁਸ਼ਤਾਕ ਦਾ ਦਿਲ

12/26/2019 1:29:28 PM

ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਸਪਿਨਰ ਸਕਲੈਨ ਮੁਸ਼ਤਾਕ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੂੰ ਲੈ ਕੇ ਇਕ ਖੁਲਾਸਾ ਕੀਤਾ ਹੈ। ਸਕਲੈਨ ਨੇ ਯੂ. ਟਿਊੂਬ. 'ਤੇ ਇਕ ਵੀਡੀਓ ਦੇ ਜ਼ਰੀਏ ਸੌਰਵ ਗਾਂਗੁਲੀ ਦੀ ਇਕ ਖਾਸੀਅਤ ਨੂੰ ਪੂਰੀ ਦੁਨੀਆ ਨਾਲ ਸਾਂਝਾ ਕੀਤਾ। ਆਪਣੇ ਸਮੇਂ ਵਿਚ ਸਕਲੈਨ ਮੁਸ਼ਤਾਕ ਅਤੇ ਗਾਂਗੁਲੀ ਕਈ ਵਾਰ ਇਕ-ਦੂਜੇ ਦੇ ਮੈਚ ਦੌਰਾਨ ਆਹਮੋ-ਸਾਹਮਣੇ ਹੋ ਚੁੱਕੇ ਹਨ ਅਤੇ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਹਮੇਸ਼ਾ ਹੀ ਪ੍ਰਸ਼ੰਸਕਾਂ ਤੋਂ ਸੁਪੋਰਟ ਮਿਲਦਾ ਰਿਹਾ ਹੈ। ਗਾਂਗੁਲੀ ਨੇ ਜਿੱਥੇ ਬੱਲੇਬਾਜ਼ੀ ਵਿਚ ਇਕ ਆਪਣੀ ਵੱਖਰੀ ਛਾਪ ਛੱਡੀ ਤਾਂ ਉੱਥੇ ਹੀ ਸਕਲੈਨ ਮੁਸ਼ਤਾਕ ਨੇ ਸਪਿਨ ਦੀ ਕਲਾ ਵਿਚ ਆਪਣਾ ਲੋਹਾ ਮਨਵਾਇਆ ਹੈ।

ਗਾਂਗੁਲੀ ਦੀ ਸ਼ਲਾਘਾ ਕਰਦਿਆਂ ਇਸ ਸਾਬਕਾ ਧਾਕੜ ਕ੍ਰਿਕਟਰ ਨੇ ਕਿਹਾ, ''ਮੈਂ ਅਤੇ ਗਾਂਗੁਲੀ ਕਈ ਵਾਰ ਮੈਦਾਨ 'ਤੇ ਇਕ-ਦੂਜੇ ਨੂੰ ਖੇਡਦੇ ਸਮੇਂ ਅੱਖਾਂ ਦਿਖਾ ਚੁੱਕੇ ਹਾਂ। ਪਾਕਿਸਤਾਨ ਅਤੇ ਭਾਰਤ ਵਿਚਾਲੇ ਹੋਣ ਵਾਲੇ ਮੁਕਾਬਲਿਆਂ ਵਿਚ ਖਿਡਾਰੀਆਂ ਵਿਚਕਾਰ ਇਸ ਤਰ੍ਹਾਂ ਦਾ ਝਗੜਾ ਹੋਣਾ ਆਮ ਗੱਲ ਹੈ ਪਰ ਗਾਂਗੁਲੀ ਨੂੰ ਲੈ ਕੇ ਕਦੇ ਮੇਰੇ ਮਨ ਵਿਚ ਕੋਈ ਗਲਤ ਗੱਲ ਨਹੀਂ ਆਈ। ਸਕਲੈਨ ਨੇ ਅੱਗੇ ਕਿਹਾ ਕਿ ਸਾਲ 2005-06 ਦੌਰਾਨ ਮੇਰੇ ਗੋਡਿਆਂ ਦੀ ਸਰਜਰੀ ਹੋਈ ਸੀ ਅਤੇ ਮੈਂ ਕਰੀਬ 36-37 ਹਫਤਿਆਂ ਤਕ ਬਿਸਤਰ ਪਿਆ ਸੀ। ਇਸ ਸਰਜਰੀ ਤੋਂ ਬਾਅਦ ਵਾਪਸੀ ਕਰਨਾ ਬੇਹੱਦ ਮੁਸ਼ਕਲ ਲੱਗ ਰਿਹਾ ਸੀ ਪਰ ਮੈਂ ਵਾਪਸੀ ਕੀਤੀ। ਇੰਗਲੈਂਡ ਵਿਚ ਹੋਣ ਵਾਲੇ ਕਾਊਂਟੀ ਕ੍ਰਿਕਟ ਵਿਚ ਸਸੇਕਸ ਦੀ ਟੀਮ ਵੱਲੋਂ ਖੇਡਦਿਆਂ ਮੈਂ ਵਾਪਸੀ ਕੀਤੀ। ਉਸ ਦੌਰਾਨ ਭਾਰਤੀ ਟੀਮ ਇੰਗਲੈਂਡ ਦਾ ਦੌਰਾ ਕਰ ਰਹੀ ਸੀ ਅਤੇ ਗਾਂਗੁਲੀ ਉਸ ਮੈਚ ਨੂੰ ਦੇਖਣ ਲਈ ਆਏ ਹੋਏ ਸਨ। ਜਦੋਂ ਸਸੇਕਸ ਦੀ ਟੀਮ ਬੱਲੇਬਾਜ਼ੀ ਕਰਨ ਉਤਰੀ ਤਾਂ ਗਾਂਗੁਲੀ ਮੈਨੂੰ ਮਿਲਣ ਆਏ। ਗਾਂਗੁਲੀ ਡ੍ਰੈਸਿੰਗ ਰੂਮ ਵਿਚ ਆ ਕੇ ਮੈਨੂੰ ਕੌਫੀ ਦਾ ਆਫਰ ਦਿੱਤਾ ਅਤੇ ਇਸ ਤੋਂ ਬਾਅਦ ਮੇਰੇ ਕੋਲ ਬੈਠ ਕੇ ਗੱਲਬਾਤ ਕਰਨ ਲੱਗੇ। ਇਸ ਦੌਰਾਨ ਉਸ ਨੇ ਮੇਰੇ ਗੋਡਿਆਂ ਦਾ ਜਾਣਕਾਰੀ ਲਈ ਅਤੇ ਮੇਰੇ ਪਰਿਵਾਰ ਵਾਲਿਆਂ ਦਾ ਹਾਲ ਪੁੱਛਿਆ।''

ਸਕਲੈਨ ਨੇ ਕਿਹਾ, ''ਗਾਂਗੁਲੀ ਕਰੀਬ 40 ਮਿੰਟ ਤਕ ਮੇਰੇ ਨਾਲ ਰਹੇ ਅਤੇ ਲਗਾਤਾਰ ਮੇਰੇ ਨਾਲ ਗੱਲਬਾਤ ਕਰਦੇ ਰਹੇ। ਉਸ ਦੀਆਂ ਗੱਲਾਂ ਤੋਂ ਮੈਂ ਕਾਫੀ ਪ੍ਰਭਾਵਿਤ ਹੋਇਆ। ਇਸ ਦੌਰਾਨ ਆਪਣੀ ਗੱਲਾਂ ਨਾਲ ਉਸ ਨੇ ਮੇਰਾ ਦਿਲ ਜਿੱਤ ਲਿਆ। ਗਾਂਗੁਲੀ ਦੀ ਸ਼ਲਾਘਾ ਕਰਦਿਆਂ ਉਸ ਨੇ ਅੱਗੇ ਕਿਹਾ ਕਿ ਸੌਰਵ ਗਾਂਗੁਲੀ ਬਤੌਰ ਬੀ. ਸੀ. ਸੀ. ਆਈ. ਪ੍ਰਧਾਨ ਅਜੇ ਸ਼ਾਨਾਦਾਰ ਕੰਮ ਕਰ ਰਹੇ ਹਨ ਅਤੇ ਮੈਨੂੰ ਉਮੀਦ ਹੈ ਕਿ ਉਹ ਇਸ ਨੂੰ ਅੱਗੇ ਵੀ ਜਾਰੀ ਰੱਖਣਗੇ।''