ਮਾਂ ਬਣਨ ਤੋਂ ਬਾਅਦ ਸਾਨੀਆ ਦੀ ਸ਼ਾਨਦਾਰ ਵਾਪਸੀ, ਹੋਬਾਰਟ 'ਚ ਜਿੱਤਿਆ ਖ਼ਿਤਾਬ

01/18/2020 2:21:53 PM

ਹੋਬਾਰਟ— ਸਾਨੀਆ ਮਿਰਜ਼ਾ ਨੇ ਦੋ ਸਾਲ ਦੇ ਆਰਾਮ ਦੇ ਬਾਅਦ ਵਾਪਸੀ 'ਤੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸ਼ਨੀਵਾਰ ਨੂੰ ਨਾਦੀਆ ਕਿਚਨੋਕ ਦੇ ਨਾਲ ਮਿਲ ਕੇ ਡਬਲਯੂ. ਟੀ. ਏ. ਹੋਬਾਰਟ ਇੰਟਰਨੈਸ਼ਨਲ ਦਾ ਡਬਲਜ਼ ਖਿਤਾਬ ਜਿੱਤਿਆ। ਭਾਰਤ ਅਤੇ ਯੂਕ੍ਰੇਨ ਦੀ ਗੈਰਦਰਜਾ ਪ੍ਰਾਪਤ ਜੋੜੀ ਨੇ ਸ਼ੁਹਾਈ ਪੇਂਗ ਅਤੇ ਸ਼ੁਹਾਈ ਝਾਂਗ ਦੀ ਦੂਜਾ ਦਰਜਾ ਪ੍ਰਾਪਤ ਚੀਨੀ ਜੋੜੀ ਨੂੰ ਇਕ ਘੰਟੇ 21 ਮਿੰਟ ਤਕ ਚਲੇ ਮੈਚ 'ਚ 6-4, 6-4 ਨਾਲ ਹਰਾਇਆ।

ਸਾਨੀਆ ਪੁੱਤਰ ਇਜ਼ਹਾਨ ਦੇ ਜਨਮ ਦੇ ਬਾਅਦ ਪਹਿਲੀ ਵਾਰ ਕਿਸੇ ਟੂਰਨਾਮੈਂਟ 'ਚ ਖੇਡ ਰਹੀ ਸੀ। 33 ਸਾਲਾ ਇਸ ਖਿਡਾਰੀ ਨੇ ਇਸ ਤਰ੍ਹਾਂ ਨਾਲ ਓਲੰਪਿਕ ਸਾਲ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਆਸਟਰੇਲੀਆਈ ਓਪਨ ਲਈ ਵੀ ਪੁਖਤਾ ਤਿਆਰੀਆਂ ਦਾ ਸਬੂਤ ਪੇਸ਼ ਕੀਤਾ। ਸਾਨੀਆ ਪੁੱਤਰ ਦੇ ਜਨਮ ਦੇ ਕਾਰਨ 2018 ਅਤੇ 2019 ਦੇ ਸੈਸ਼ਨ 'ਚ ਡਬਲਿਊ. ਟੀ. ਏ. ਸਰਕਟ 'ਚ ਨਹੀਂ ਖੇਡੀ ਸੀ।

ਸਾਨੀਆ ਅਤੇ ਨਾਦੀਆ ਨੇ ਪਹਿਲੇ ਹੀ ਸੈੱਟ 'ਚ ਚੀਨੀ ਖਿਡਾਰੀਆਂ ਦੀ ਸਰਵਿਸ ਤੋੜੀ ਪਰ ਅਗਲੇ ਸੈੱਟ 'ਚ ਉਨ੍ਹਾਂ ਨੇ ਸਰਵਿਸ ਗੁਆ ਦਿੱਤੀ। ਦੋਹਾਂ ਜੋੜੀਆਂ ਵਿਚਾਲੇ ਇਸ ਤੋਂ ਬਾਅਦ 4-4 ਤਕ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ। ਸਾਨੀਆ ਅਤੇ ਨਾਦੀਆ ਨੂੰ ਨੌਵੇਂ ਸੈੱਟ 'ਚ ਬ੍ਰੇਕ ਪੁਆਇੰਟ ਮਿਲਿਆ ਜਿਸ ਦੇ ਬਾਅਦ ਉਨ੍ਹਾਂ ਨੇ ਆਸਾਨੀ ਨਾਲ ਪਹਿਲਾ ਸੈੱਟ ਆਪਣੇ ਨਾਂ ਕੀਤਾ। ਚੀਨੀ ਜੋੜੀ ਦਾ ਖੇਡ ਦੂਜੇ ਸੈੱਟ ਦੇ ਸ਼ੁਰੂ 'ਚ ਚੰਗਾ ਨਹੀਂ ਰਿਹਾ ਅਤੇ ਉਨ੍ਹਾਂ ਨੇ ਤੀਜੇ ਸੈੱਟ 'ਚ ਸਰਵਿਸ ਗੁਆਈ। ਉਨ੍ਹਾਂ ਨੇ ਹਾਲਾਂਕਿ ਬ੍ਰੇਕ ਪੁਆਇੰਟ ਲੈ ਕੇ ਫਿਰ ਤੋਂ ਵਾਪਸੀ ਕੀਤੀ।

ਸਾਨੀਆ ਅਤੇ ਨਾਦੀਆ ਛੇਵੇਂ ਸੈੱਟ 'ਚ 0-30 ਨਾਲ ਪਿੱਛੇ ਸੀ ਪਰ ਪੇਂਗ ਅਤੇ ਝਾਂਗ ਨੇ ਉਨ੍ਹਾਂ ਨੂੰ ਸਰਵਿਸ ਬਚਾਉਣ ਦਾ ਪੂਰਾ ਮੌਕਾ ਦਿੱਤਾ। ਚੀਨੀ ਟੀਮ ਨੇ ਹਾਲਾਂਕਿ ਸੰਘਰਸ਼ ਜਾਰੀ ਰਖਿਆ ਅਤੇ ਅੱਠਵੇਂ ਸੈੱਟ 'ਚ ਬ੍ਰੇਕ ਪੁਆਇੰਟ ਨਾਲ ਸਕੋਰ 4-4 ਨਾਲ ਬਰਾਬਰ ਕਰ ਦਿੱਤਾ। ਸਾਨੀਆ ਅਤੇ ਨਾਦੀਆ ਨੇ ਹਾਲਾਂਕਿ ਨੌਵੇਂ ਸੈੱਟ 'ਚ ਚੀਨੀ ਜੋੜੀ ਦੀ ਸਰਵਿਸ ਤੋੜ ਦਿੱਤੀ ਅਤੇ ਅਗਲੇ ਸੈੱਟ 'ਚ ਆਪਣੀ ਸਰਵਿਸ ਬਚਾ ਕੇ ਮੈਚ ਆਪਣੇ ਨਾਂ ਕਰ ਦਿੱਤਾ। ਇਸ ਜਿੱਤ ਨਾਲ ਸਾਨੀਆ ਅਤੇ ਨਾਦੀਆ ਨੂੰ 13580 ਡਾਲਰ ਦੀ ਇਨਾਮੀ ਰਾਸ਼ੀ ਮਿਲੀ। ਦੋਹਾਂ ਨੂੰ ਵੱਖ-ਵੱਖ 280 ਰੈਂਕਿੰਗ ਅੰਕ ਵੀ ਮਿਲੇ।

 

Tarsem Singh

This news is Content Editor Tarsem Singh