ਸਾਨੀਆ ਅਤੇ ਪੇਂਗ ਦੀ ਜੋੜੀ ਅਮਰੀਕੀ ਓਪਨ ਤੋਂ ਬਾਹਰ

09/09/2017 3:42:10 PM

ਨਿਊਯਾਰਕ— ਭਾਰਤ ਦੀ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੀ ਚੀਨੀ ਜੋੜੀਦਾਰ ਸ਼ੁਆਈ ਪੇਂਗ ਦੀ ਜੋੜੀ ਅਮਰੀਕੀ ਓਪਨ ਦੇ ਸੈਮੀਫਾਈਨਲ 'ਚ ਸਵਿਟਜ਼ਰਲੈਂਡ ਦੀ ਮਾਰਟਿਨਾ ਹਿੰਗਿਸ ਅਤੇ ਚੀਨੀ ਤਾਈਪੇ ਦੀ ਯੁੰਗ ਚਾਨ ਨਾਲ ਸਿੱਧੇ ਸੈੱਟਾਂ 'ਚ ਹਾਰ ਕੇ ਬਾਹਰ ਹੋ ਗਈ ਹੈ। ਮਹਿਲਾ ਡਬਲਜ਼ 'ਚ ਚੌਥਾ ਦਰਜਾ ਪ੍ਰਾਪਤ ਸਾਨੀਆ ਅਤੇ ਪੇਂਗ ਨੂੰ ਦੂਜਾ ਦਰਜਾ ਪ੍ਰਾਪਤ ਹਿੰਗਿਸ ਅਤੇ ਚਾਨ ਨੇ 6-4, 6-4 ਨਾਲ ਹਰਾਇਆ।

ਦੋਹਾਂ ਹੀ ਸੈੱਟਾਂ 'ਚ ਸਾਨੀਆ-ਪੇਂਗ ਨੂੰ ਸ਼ੁਰੂਆਤੀ ਬੜ੍ਹਤ ਮਿਲੀ ਸੀ ਪਰ ਉਹ ਉਸ ਦਾ ਲਾਹਾ ਨਾ ਲੈ ਸਕੀਆਂ। ਵਿਰੋਧੀ ਖਿਡਾਰੀਆਂ ਦੀ ਸਰਵਿਸ ਨੂੰ ਬ੍ਰੇਕ ਕਰਕੇ ਉਨ੍ਹਾਂ ਨੇ ਪਹਿਲੇ ਸੈੱਟ 'ਚ 3-0 ਦੀ ਬੜ੍ਹਤ ਬਣਾ ਲਈ ਸੀ ਪਰ ਹਿੰਗਿਸ-ਚਾਨ ਨੇ ਡਬਲ ਬ੍ਰੇਕ ਦੀ ਮਦਦ ਨਾਲ ਸਕੋਰ ਦੀ 3-3 ਬਰਾਬਰੀ ਕਰਨ ਦੇ ਬਾਅਦ 31 ਮਿੰਟ 'ਚ ਪਹਿਲੇ ਸੈੱਟ ਨੂੰ 6-4 ਨਾਲ ਆਪਣੇ ਨਾਂ ਕਰ ਲਿਆ। ਦੂਜੇ ਸੈੱਟ 'ਚ ਵੀ ਸਾਨੀਆ-ਪੇਂਗ ਦੀ ਜੋੜੀ ਦੇ ਕੋਲ 3-1 ਦੀ ਬੜ੍ਹਤ ਸੀ ਜਿਸ ਨੂੰ ਉਨ੍ਹਾਂ ਗੁਆ ਦਿੱਤਾ ਅਤੇ ਸਿੱਧੇ ਸੈੱਟਾਂ 'ਚ ਮੈਚ ਹਾਰ ਗਈਆਂ।