ਅਮਰੀਕਾ ਦੇ ਰੈੱਡਫੋਰਡ ਨਾਲ ਭਿੜੇਗਾ ਸੰਗਰਾਮ ਸਿੰਘ

08/19/2017 5:27:50 AM

ਨਵੀਂ ਦਿੱਲੀ— ਭਾਰਤ ਦਾ ਪ੍ਰੋ ਰੈਸਲਰ ਤੇ ਦੋ ਵਾਰ ਦਾ ਕਾਮਨਵੈਲਥ ਹੈਵੀਵੇਟ ਚੈਂਪੀਅਨ ਸੰਗਰਾਮ ਸਿੰਘ 15 ਸਤੰਬਰ ਨੂੰ ਤਾਲਕਟੋਰਾ ਸਟੇਡੀਅਮ 'ਚ ਹੋਣ ਵਾਲੀ ਪਹਿਲੀ ਕੇ. ਡੀ. ਜਾਧਵ ਮੈਮੋਰੀਅਲ ਕੁਸ਼ਤੀ ਚੈਂਪੀਅਨਸ਼ਿਪ ਵਿਚ ਅਮਰੀਕਾ ਦੇ ਚੈਂਪੀਅਨ ਕੇਵਿਨ ਰੈੱਡਫੋਰਡ ਨਾਲ ਭਿੜੇਗਾ।
ਆਜ਼ਾਦ ਭਾਰਤ ਦੇ ਪਹਿਲੇ ਨਿੱਜੀ ਓਲੰਪਿਕ ਤਮਗਾ ਜੇਤੂ ਕੇ. ਡੀ. ਜਾਧਵ ਦੀ ਯਾਦ ਵਿਚ ਸੰਗਰਾਮ ਸਿੰਘ ਫਾਊਂਡੇਸ਼ਨ ਪਹਿਲੀ ਕੇ. ਡੀ. ਜਾਧਵ ਮੈਮੋਰੀਅਲ ਕੁਸ਼ਤੀ ਚੈਂਪੀਅਨਸ਼ਿਪ ਆਯੋਜਨ ਕਰ ਰਹੀ ਹੈ, ਜਿਹੜੀ 15 ਸਤੰਬਰ ਨੂੰ ਤਾਲਕਟੋਰਾ ਸਟੇਡੀਅਮ 'ਚ ਹੋਵੇਗੀ, ਜਿਸ ਵਿਚ ਕੁਲ 10 ਪਹਿਲਵਾਨ ਹਿੱਸਾ ਲੈਣਗੇ। ਇਸ ਚੈਂਪੀਅਨਸ਼ਿਪ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਸੰਗਰਾਮ ਤੇ ਰੈੱਡਫੋਰਡ ਦਾ ਮੁਕਾਬਲਾ ਹੋਵੇਗਾ। ਇਸ ਵਿਚ ਕੁਲ ਪੰਜ ਮੁਕਾਬਲੇ ਖੇਡੇ ਜਾਣਗੇ, ਜਿਨ੍ਹਾਂ ਵਿਚ ਇਕ ਮੁਕਾਬਲਾ ਮਹਿਲਾ ਪਹਿਲਵਾਨਾਂ ਦਾ ਹੋਵੇਗਾ। 
ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਵਿਚ ਹਿੱਸਾ ਲੈ ਚੁੱਕੇ ਸੰਗਰਾਮ ਸਿੰਘ ਨੇ ਸ਼ੁੱਕਰਵਾਰ ਓਲੰਪਿਕ ਤਮਗਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੇ ਓਲੰਪੀਅਨ ਮੁੱਕੇਬਾਜ਼ ਅਖਿਲ ਕੁਮਾਰ ਅਤੇ ਜਿਤੇਂਦਰ ਕੁਮਾਰ ਦੀ ਮੌਜਦੂਗੀ ਵਿਚ ਇਥੇ ਪੱਤਰਕਾਰ ਸੰਮੇਲਨ ਵਿਚ ਇਸ ਮੁਕਾਬਲੇ ਦੀ ਜਾਣਕਾਰੀ ਦਿੱਤੀ। ਸੰਗਰਾਮ ਨੇ ਕਿਹਾ ਕਿ ਕੇ. ਡੀ. ਸਾਹਬ ਇਕ ਲੀਜੈਂਡ ਹਨ ਤੇ ਮੇਰੇ ਇਕਲੌਤੇ ਆਦਰਸ਼ ਹਨ। ਇਸ ਚੈਂਪੀਅਨਸ਼ਿਪ ਰਾਹੀਂ ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਹਾਂ।