8.40 ਕਰੋੜ ''ਚ ਵਿਕਿਆ ਸਮੀਰ ਰਿਜ਼ਵੀ ਧੋਨੀ ਨੂੰ ਮੰਨਦਾ ਹੈ IDOL, ਉਸ ਨੂੰ ਨੇੜਿਓਂ ਮਿਲਣ ਲਈ ਹੈ ਬੇਹੱਦ ਉਤਸ਼ਾਹਿਤ

12/20/2023 4:05:13 AM

ਸਪੋਰਟਸ ਡੈਸਕ- ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 20 ਸਾਲਾ ਬੱਲੇਬਾਜ਼ ਸਮੀਰ ਰਿਜ਼ਵੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ, ਜਦੋਂ ਉਸ ਨੂੰ ਆਪਣੀ ਟੀਮ 'ਚ ਸ਼ਾਮਲ ਕਰਨ ਲਈ ਚੇਨਈ ਸੁਪਰਕਿੰਗਜ਼, ਦਿੱਲੀ ਕੈਪੀਟਲਸ ਅਤੇ ਗੁਜਰਾਤ ਜਾਇੰਟਸ ਦੀਆਂ ਟੀਮਾਂ ਵਧ-ਚੜ੍ਹ ਕੇ ਬੋਲੀ ਲਗਾ ਰਹੀਆਂ ਸਨ। ਅਖ਼ੀਰ ਚੇਨਈ ਨੇ ਇਸ ਪ੍ਰਤਿਭਾਸ਼ਾਲੀ ਖਿਡਾਰੀ ਨੂੰ 8.40 ਕਰੋੜ ਰੁਪਏ 'ਚ ਆਪਣੀ ਟੀਮ ਦਾ ਹਿੱਸਾ ਬਣਾ ਲਿਆ। 

ਰਿਜ਼ਵੀ ਦਾ ਪਰਿਵਾਰ ਬਹੁਤ ਮੁਸ਼ਕਲ ਸਮੇਂ 'ਚੋਂ ਗੁਜ਼ਰ ਕੇ ਇੱਥੇ ਤੱਕ ਆਇਆ ਹੈ। ਉਸ ਦੇ ਪਿਤਾ ਹਸੀਨ ਰਿਜ਼ਵੀ ਬਿਮਾਰ ਰਹਿੰਦੇ ਹਨ, ਜਿਸ ਕਾਰਨ ਉਹ ਕੰਮ ਨਹੀਂ ਕਰ ਸਕਦੇ। ਉਹ ਸਰੀਰਕ ਪੱਖੋਂ ਵੀ ਕਾਫ਼ੀ ਕਮਜ਼ੋਰ ਹੋ ਚੁੱਕੇ ਹਨ। ਪਰ ਉਨ੍ਹਾਂ ਨੂੰ ਆਪਣੇ ਪੁੱਤਰ ਸਮੀਰ 'ਤੇ ਮਾਣ ਹੈ। 

ਇਹ ਵੀ ਪੜ੍ਹੋ- IPL : ਰੱਜ ਕੇ ਵਰ੍ਹਿਆ ਖਿਡਾਰੀਆਂ 'ਤੇ ਪੈਸਾ, ਜਾਣੋ ਕਿਸ ਟੀਮ ਨੇ ਕਿੰਨੇ ਪੈਸੇ ਖ਼ਰਚ ਕੇ ਕਿਹੜਾ ਖਿਡਾਰੀ ਖਰੀਦਿਆ

ਸਮੀਰ ਦੇ ਪਿਤਾ 3 ਸਾਲ ਤੋਂ ਬ੍ਰੇਨ ਹੈਮਰੇਜ ਨਾਲ ਜੂਝ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਸਮੀਰ ਹੁਣ ਉਨ੍ਹਾਂ ਦਾ ਇਲਾਜ ਚੰਗੀ ਤਰ੍ਹਾਂ ਕਰਵਾ ਸਕੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਮੀਰ ਬਹੁਤ ਵਧੀਆ ਖੇਡਦਾ ਹੈ ਤੇ ਉਨ੍ਹਾਂ ਨੂੰ ਕਾਫ਼ੀ ਉਮੀਦ ਵੀ ਸੀ ਕਿ ਕੋਈ ਨਾ ਕੋਈ ਟੀਮ ਤਾਂ ਉਸ ਨੂੰ ਖਰੀਦ ਹੀ ਲਵੇਗੀ। ਪਰ ਉਸ ਨੂੰ ਇੰਨੀ ਵੱਡੀ ਰਕਮ ਮਿਲੇਗੀ, ਇਹ ਕਿਸੇ ਨੇ ਨਹੀਂ ਸੋਚਿਆ ਸੀ। 

ਸਮੀਰ ਇਸ ਗੱਲ ਨੂੰ ਲੈ ਕੇ ਕਾਫ਼ੀ ਉਤਸਾਹਿਤ ਹੈ ਕਿ ਉਹ ਹੁਣ ਮਹਿੰਦਰ ਸਿੰਘ ਧੋਨੀ ਨੂੰ ਨੇੜੇ ਤੋਂ ਮਿਲ ਸਕੇਗਾ। ਉਹ ਧੋਨੀ ਨੂੰ ਆਪਣਾ ਆਦਰਸ਼ ਮੰਨਦਾ ਹੈ। ਉਹ ਧੋਨੀ ਨੂੰ ਮਿਲਣ ਬਾਰੇ ਸੋਚ ਕੇ ਵੀ ਘਬਰਾ ਰਿਹਾ ਹੈ। ਇਸ ਮੌਕੇ ਉਸ ਨੇ ਸੁਪਰਕਿੰਗਜ਼ ਵੱਲੋਂ ਖੇਡਣ ਨੂੰ ਲੈ ਕੇ ਆਪਣਾ ਉਤਸਾਹ ਦਰਸਾਉਂਦਿਆਂ ਦੱਸਿਆ ਕਿ ਜਦੋਂ ਨਿਲਾਮੀ 'ਚ ਉਸ ਦਾ ਨਾਂ ਆਇਆ ਤਾਂ ਉਹ ਬਹੁਤ ਘਬਰਾ ਗਿਆ ਸੀ, ਕਿਉਂਕਿ ਉਸ ਤੋਂ ਪਹਿਲਾਂ ਵਾਲੇ 4-5 ਖਿਡਾਰੀਆਂ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ ਸੀ। 

ਇਹ ਵੀ ਪੜ੍ਹੋ- IND vs SA 2nd ODI : ਦੱਖਣੀ ਅਫਰੀਕਾ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ, ਲੜੀ 'ਚ ਕੀਤੀ ਬਰਾਬਰੀ

ਉੱਤਰ ਪ੍ਰਦੇਸ਼ ਟੀ-20 ਲੀਗ ਅਤੇ ਅੰਡਰ-23 ਟੂਰਨਾਮੈਂਟ 'ਚ ਉਸ ਦੇ ਪ੍ਰਦਰਸ਼ਨ ਨੇ ਚੇਨਈ ਸੁਪਰਕਿੰਗਜ਼ ਦੇ ਪ੍ਰਬੰਧਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ। ਉਸ ਨੇ ਉੱਤਰ ਪ੍ਰਦੇਸ਼ ਟੀ-20 ਲੀਗ 'ਚ ਕਾਨਪੁਰ ਸੁਪਰ ਸਟਾਰਸ ਵੱਲੋਂ ਖੇਡਦੇ ਹੋਏ 9 ਮੈਚਾਂ 'ਚ 455 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸਟੇਟ ਅੰਡਰ-23 ਟੂਰਨਾਮੈਂਟ 'ਚ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਉਸ ਨੇ 7 ਮੈਚਾਂ 'ਚ 454 ਦੌੜਾਂ ਬਣਾਈਆਂ। 

ਉਸ ਦੀ ਆਈ.ਪੀ.ਐੱਲ. 'ਚ ਚੇਨਈ ਸੁਪਰਕਿੰਗਜ਼ 'ਚ ਚੋਣ ਤੋਂ ਬਾਅਦ ਹਰੇਕ ਪਰਿਵਾਰਕ ਮੈਂਬਰ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਦਿਖਾਈ ਦੇ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਸਮੀਰ ਟੂਰਨਾਮੈਂਟ 'ਚ ਵਧੀਆ ਪ੍ਰਦਰਸ਼ਨ ਕਰੇਗਾ ਤੇ ਆਪਣੇ ਪ੍ਰਦਰਸ਼ਨ ਨਾਲ ਰਾਸ਼ਟਰੀ ਟੀਮ 'ਚ ਵੀ ਜਗ੍ਹਾ ਬਣਾਏਗਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh