ਸਾਇਨਾ ਦੀਆਂ ਨਜ਼ਰਾਂ ਪੀਲੇ ਤਮਗੇ ''ਤੇ

03/29/2018 12:13:43 AM

ਦਿੱਲੀ— ਦਿੱਲੀ ਰਾਸ਼ਟਰਮੰਡਲ ਖੇਡਾਂ-2010 ਦੇ ਸੋਨ ਤਮਗੇ ਦੀਆਂ ਯਾਦਾਂ ਅਜੇ ਵੀ ਸਾਇਨਾ ਨੇਹਵਾਲ ਦੇ ਜ਼ਿਹਨ 'ਚ ਤਾਜ਼ਾ ਹਨ। ਉਹ ਅਗਲੇ ਮਹੀਨੇ ਗੋਲਡ ਕੋਸਟ 'ਚ ਇਸ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੁੰਦੀ ਹੈ। 8 ਸਾਲ ਪਹਿਲਾਂ 20 ਸਾਲ ਦੀ ਸਾਇਨਾ ਨੇ ਆਖਰੀ ਦਿਨ ਸੋਨ ਤਮਗਾ ਜਿੱਤਿਆ ਸੀ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਬਣੀ ਸੀ। ਉਸ ਦੇ ਇਸ ਤਮਗੇ ਦੀ ਮਦਦ ਨਾਲ ਭਾਰਤ ਨੇ ਤਮਗਾ ਸੂਚੀ ਵਿਚ ਇੰਗਲੈਂਡ ਨੂੰ ਪਛਾੜ ਕੇ ਦੂਸਰਾ ਸਥਾਨ ਹਾਸਲ ਕੀਤਾ ਸੀ। 
ਸਾਇਨਾ ਨੇ ਕਿਹਾ ਕਿ ਭਾਰਤ 2010 ਵਿਚ ਤਮਗਾ ਸੂਚੀ 'ਚ ਦੂਸਰੇ ਸਥਾਨ 'ਤੇ ਸੀ। ਆਖਰੀ ਦਿਨ ਸਾਡੇ ਨਾਂ 99 ਤਮਗੇ ਸਨ ਅਤੇ ਭਾਰਤੀ ਹਾਕੀ ਅਤੇ ਬੈਡਮਿੰਟਨ ਮਹਿਲਾ ਸਿੰਗਲਜ਼ ਮੁਕਾਬਲੇ ਬਾਕੀ ਸਨ। ਮੈਂ ਸੋਨ ਤਮਗਾ ਜਿੱਤਿਆ ਅਤੇ ਹਾਕੀ ਟੀਮ ਨੇ ਚਾਂਦੀ ਤਮਗਾ। ਉਸ ਨੇ ਕਿਹਾ, ''ਮੈਨੂੰ ਤਿਰੰਗੇ ਨਾਲ ਪੋਡੀਅਮ 'ਤੇ ਖੜ੍ਹੇ ਹੋ ਕੇ ਇੰਨਾ ਚੰਗਾ ਲੱਗਾ ਕਿ ਮੈਂ ਕਦੇ ਵੀ ਭੁੱਲ ਨਹੀਂ ਸਕਦੀ।'' 
ਸਾਇਨਾ ਨੇ 2006 ਵਿਚ 15 ਸਾਲ ਦੀ ਉਮਰ ਵਿਚ ਰਾਸ਼ਟਰਮੰਡਲ ਖੇਡਾਂ ਦੇ ਟੀਮ ਮੁਕਾਬਲੇ 'ਚ ਸ਼ੁਰੂਆਤ ਕੀਤੀ ਸੀ ਅਤੇ ਨਿਊਜ਼ੀਲੈਂਡ ਦੀ ਰੇਬੇਕਾ ਬੇਲਿੰਗਮ ਨੂੰ 21-13, 24-22 ਨਾਲ ਹਰਾ ਕੇ ਭਾਰਤ ਨੂੰ ਮਿਕਸਡ ਟੀਮ ਮੁਕਾਬਲੇ ਵਿਚ ਕਾਂਸੀ ਤਮਗਾ ਦੁਆਇਆ ਸੀ। ਉਸ ਨੇ ਕਿਹਾ ਕਿ 2006 'ਚ ਮੈਂ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲਿਆ ਸੀ ਅਤੇ ਅਸੀਂ ਟੀਮ ਮੁਕਾਬਲੇ ਵਿਚ ਕਾਂਸੀ ਤਮਗਾ ਜਿੱਤਿਆ। ਰਾਸ਼ਟਰਮੰਡਲ ਖੇਡਾਂ 'ਚ ਮੇਰਾ ਸਫਰ ਯਾਦਗਾਰ ਰਿਹਾ ਹੈ। 2014 ਵਿਚ ਸੱਟ ਕਾਰਨ ਮੈਂ ਇਨ੍ਹਾਂ ਖੇਡਾਂ 'ਚ ਹਿੱਸਾ ਨਹੀਂ ਲੈ ਸਕੀ ਸੀ। ਗਲਾਸਗੋ ਖੇਡਾਂ 'ਚ ਵੀ ਪੀ. ਵੀ. ਸਿੰਧੂ ਨੇ ਕਾਂਸੀ ਅਤੇ ਪਰੂਪੱਲੀ ਕਸ਼ਯਪ ਨੇ ਸੋਨ ਤਮਗਾ ਜਿੱਤਿਆ ਸੀ। ਸਾਇਨਾ ਨੇ ਕਿਹਾ ਕਿ ਚਾਹੇ ਨਿੱਜੀ ਮੁਕਾਬਲਾ ਹੋਵੇ ਜਾਂ ਟੀਮ ਮੁਕਾਬਲਾ, ਉਸ ਨੂੰ ਉਮੀਦ ਹੈ ਕਿ ਭਾਰਤੀ ਬੈਡਮਿੰਟਨ ਟੀਮ ਗੋਲਡ ਕੋਸਟ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੇਗੀ। ਉਸ ਨੇ ਕਿਹਾ ਕਿ ਕੋਈ ਦਬਾਅ ਨਹੀਂ ਹੈ। ਸਾਨੂੰ ਕਾਮਯਾਬੀ ਲਈ ਚੰਗਾ ਪ੍ਰਦਰਸ਼ਨ ਕਰਨਾ ਹੀ ਪਵੇਗਾ।