ਰਤਚਾਨੋਕ ਨੂੰ ਹਰਾ ਸਾਈਨਾ ਨੇ ਦੂਜੇ ਦੌਰ ''ਚ ਕੀਤਾ ਪ੍ਰਵੇਸ਼

06/13/2017 4:21:47 PM

ਜਕਾਰਤਾ — ਭਾਰਤੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਨੇ 8ਵੀ ਰੈਕਿੰਗ ਦੀ ਥਾਈ ਖਿਡਾਰੀ ਇੰਤਾਨੋਨ ਰਤਚਾਨੋਕ ਨੂੰ ਇੱਥੇ ਸਖ਼ਤ ਸੰਘਰਸ਼ 'ਚ ਉਲਟਫੇਰ ਦਾ ਸ਼ਿਕਾਰ ਬਣਾ ਕੇ ਮੰਗਲਵਾਰ ਨੂੰ ਇੰਡੋਨੇਸ਼ੀਆ ਓਪਨ ਵਿਸ਼ਵ ਸੁਪਰ ਸੀਰੀਜ਼ ਪ੍ਰੀਮੀਅਰ ਬੈਡਮਿੰਟਨ ਟੂਰਨਾਮੈਂਟ 'ਚ ਮਹਿਲਾ ਸਿੰਗਲ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਗੈਰ ਦਰਜਾ ਹਾਸਲ ਸਾਈਨਾ ਨੇ ਮਹਿਲਾ ਸਿੰਗਲ ਦੇ ਪਹਿਲੇ ਹੀ ਰਾਊਂਡ 'ਚ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ 8 ਵੀਂ ਰੈਂਕਿੰਗ ਦੀ ਰਤਚਾਨੋਕ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਅਤੇ 57 ਮਿੰਟ 'ਚ 17-21, 21-18, 21-12 ਨਾਲ ਮੁਕਾਬਲਾ ਜਿੱਤ ਕੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ। ਮੈਚ 'ਚ ਭਾਰਤੀ ਖਿਡਾਰੀ ਦੀ ਹਾਲਾਂਕਿ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਹ ਪਹਿਲੀ ਖੇਡ 17-21 ਨਾਲ ਗੁਆ ਬੈਠੀ ਪਰ ਦੂਜੇ ਖੇਡ 'ਚ ਉਸ ਨੇ ਚੰਗੀ ਵਾਪਸੀ ਕੀਤੀ ਅਤੇ ਲਗਾਤਾਰ 4 ਅੰਕ ਲੈ ਕੇ ਬੜ੍ਹਤ ਬਣਾਈ। ਇਸ ਗੇਮ 'ਚ ਸਾਈਨਾ ਨੇ ਇਕ ਗੇਮ ਅੰਕ ਵੀ ਜਿੱਤਿਆ। 1-1 ਦੀ ਬਰਾਬਰੀ ਤੋਂ ਬਾਅਦ ਉਸ ਨੇ ਤੀਜੇ ਅਤੇ ਨਿਰਣਾਇਕ ਖੇਡ 'ਚ ਹੋਰ ਵੀ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਲਗਾਤਾਰ 6 ਅੰਕ ਹਾਸਲ ਕੀਤੇ ਅਤੇ 2 ਖੇਡ ਅੰਕ ਜਿੱਤ ਕੇ ਆਸਾਨੀ ਨਾਲ 21-12 ਨਾਲ ਖੇਡ ਅਤੇ ਮੈਚ ਆਪਣੇ ਨਾਂ ਕਰ ਲਿਆ। ਸਾਇਨਾ ਅਤੇ ਰਤਚਾਨੋਕ ਦੇ ਕਰੀਅਰ 'ਚ ਇਹ 13 ਵੀਂ ਭਿੜਤ ਸੀ, ਜਿਸ 'ਚ ਵਿਸ਼ਵ ਦੀ 11ਵੇਂ ਨੰਬਰ ਦੀ ਭਾਰਤੀ ਖਿਡਾਰੀ ਨੇ 8ਵੀਂ ਵਾਰ ਥਾਈਲੈਂਡ ਦੀ ਖਿਡਾਰੀ ਨੂੰ ਹਰਾਇਆ ਹੈ।
ਸਾਇਨਾ ਹੁਣ ਦੂਜੇ ਦੌਰ 'ਚ ਥਾਈਲੈਂਡ ਦੀ ਹੀ ਨਿਚਾਓਨ ਜਿੰਦਾਪੋਲ ਖਿਲਾਫ  ਆਤਮਵਿਸ਼ਵਾਸ ਨਾਲ ਉਤਰੇਗੀ। ਭਾਰਤੀ ਖਿਡਾਰੀ ਆਪਣੇ ਕਰੀਅਰ 'ਚ 7ਵੀਂ ਵਾਰ 15ਵੀਂ ਰੈਂਕਿੰਗ ਜਿੰਦਾਪੋਲ ਨਾਲ ਭਿੜੀ ਹੈ ਅਤੇ ਉਸ ਦਾ ਥਾਈ ਖਿਡਾਰੀ ਦੇ ਖਿਲਾਫ ਅਜੇਤੂ 7-0 ਦਾ ਬਿਹਤਰੀਨ ਰਿਕਾਰਡ ਹੈ। ਇਸ ਨਾਲ ਪਹਿਲਾ ਮਿਸ਼ਰਿਤ ਡਬਲ ਵਰਗ ਦੇ ਪਹਿਲੇ ਦੌਰ 'ਚ ਬੀ ਸੁਮਿਤ ਰੇੱਡੀ ਅਤੇ ਅਸ਼ਵਿਨੀ ਪੋਨੰਪਾ ਦੀ ਭਾਰਤੀ ਜੋੜੀ ਨੂੰ ਹਾਰ ਝੇਲਣੀ ਪਈ ਸੀ। ਇੰਡੋਨੇਸ਼ੀਆ ਦੇ ਇਰਫਾਨ ਫਾਦਿਲਾਹ ਅਤੇ ਵੇਨੀਅੰਗਰੈਨੀ ਦੀ ਜੋੜੀ ਨੇ ਭਾਰਤੀ ਜੋੜੀ ਨੂੰ ਲਗਾਤਾਰ ਖੇਡਾਂ 'ਚ ਸਿਰਫ 29 ਮਿੰਟ 'ਚ 21-12, 21-9 ਨਾਲ ਮਾਤ ਦਿੱਤੀ।